ਬਟਾਲਾ : ਇੱਥੋਂ ਦੇ ਸਿਵਲ ਹਸਪਤਾਲ ਦੇ ਸਟਾਫ ਨੇ ਲਾਸ਼ ਅਸਲੀ ਵਾਰਸਾਂ ਨੂੰ ਸੌਂਪਣ ਦੀ ਬਜਾਏ ਅਣਪਛਾਤੀ ਲਾਸ਼ ਦੇ ਭੁਲੇਖੇ ਰੇਲਵੇ ਪੁਲਸ ਨੂੰ ਸੌਂਪ ਦਿੱਤੀ, ਜਿਸ ਨੇ ਸਸਕਾਰ ਵੀ ਕਰ ਦਿੱਤਾ | ਦੂਜੇ ਪਾਸੇ ਰੇਲਵੇ ਟਰੈਕ ਤੋਂ ਮਿਲੀ ਅਣਪਛਾਤੀ ਲਾਸ਼ ਹਸਪਤਾਲ ਦੇ ਮੁਰਦਾਘਰ ‘ਚ ਪਈ ਹੈ | ਪਿੰਡ ਘਸੀਟਪੁਰ ਦੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਸੁਖਵਿੰਦਰ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਉਨ੍ਹਾ ਨੇ ਲਾਸ਼ ਪੋਸਟਮਾਰਟਮ ਲਈ ਮੁਰਦਾਘਰ ‘ਚ ਖੁਦ ਰਖਵਾਈ ਸੀ | ਐਤਵਾਰ ਸਵੇਰੇ 9 ਵਜੇ ਜਦੋਂ ਉਹ ਲਾਸ਼ ਲੈਣ ਲਈ ਪਹੁੰਚੇ ਤਾਂ ਤਾਏ ਦੀ ਲਾਸ਼ ਉੱਥੇ ਨਹੀਂ ਸੀ | ਐੱਸ ਐੱਮ ਓ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਸਟਾਫ ਨੇ ਗਲਤੀ ਨਾਲ ਸੁਖਵਿੰਦਰ ਸਿੰਘ ਦੀ ਲਾਸ਼ ਰੇਲਵੇ ਪੁਲਸ ਨੂੰ ਅਣਪਛਾਤੇ ਵਿਅਕਤੀ ਦੇ ਭੁਲੇਖੇ ਸੌਂਪ ਦਿੱਤੀ | ਉਹ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ | ਸਿਵਲ ਸਰਜਨ ਗੁਰਦਾਸਪੁਰ ਡਾ. ਕੁਲਵਿੰਦਰ ਕੌਰ ਨੇ ਵੀ ਗੰਭੀਰਤਾ ਨਾਲ ਜਾਂਚ ਕਰਵਾਉਣ ਅਤੇ ਕਸੂਰਵਾਰ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ |




