ਭਵਿੱਖ ਦੇ ਆਗੂ ਤੇ ਕੌਮੀ ਨਿਰਮਾਤਾ ਤਿਆਰ ਕਰਨਗੇ ਸਰਕਾਰੀ ਸਕੂਲ : ਮਾਨ

0
313

ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦੇ ਆਧੁਨਿਕ ਸਰਕਾਰੀ ਸਕੂਲ ਹਰ ਖੇਤਰ ‘ਚ ਅਜਿਹੇ ਆਗੂ ਪੈਦਾ ਕਰਨਗੇ, ਜੋ ਦੇਸ਼ ਨੂੰ ਸਿਖਰ ‘ਤੇ ਲੈ ਜਾਣਗੇ | ਇੱਥੇ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਰਵਾਈ ਅਧਿਆਪਕ-ਮਾਪੇ ਮਿਲਣੀ (ਪੀ ਟੀ ਐੱਮ) ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ, ਜਿਸ ਨਾਲ ਉਹ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਯੋਗ ਬਣ ਰਹੇ ਹਨ | ਉਨ੍ਹਾ ਕਿਹਾ ਕਿ ਇੱਥੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਨਿਰਮਾਤਾ ਹੋਣਗੇ | ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਵਿਦਿਆਰਥੀ ਆਪਣੀ ਮਿਹਨਤ ਅਤੇ ਸਫਲਤਾ ਨਾਲ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ | ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਯੋਗਤਾਵਾਂ ਦੀ ਬਖਸ਼ਿਸ਼ ਹੈ | ਸੂਬਾ ਸਰਕਾਰ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਲਾਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਸਮਾਜਕ-ਆਰਥਕ ਵਿਕਾਸ ਵਿੱਚ ਭਾਈਵਾਲ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ | ਉਹਨਾ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਨੌਜਵਾਨ ਦੇਸ਼ ਲਈ ਸਫਲਤਾ ਦੀ ਨਵੀਂ ਇਬਾਰਤ ਲਿਖਣਗੇ | ਮੁੱਖ ਮੰਤਰੀ ਨੇ ਕਿਹਾ ਕਿ ਇਹ ਸਰਕਾਰੀ ਸਕੂਲ ਪੰਜਾਬ ਦੀ ਸਫਲਤਾ ਦੀਆਂ ਕਹਾਣੀਆਂ ਆਪ ਬਿਆਨ ਕਰਦੇ ਹਨ | ਇਨ੍ਹਾਂ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਦਾ ਸੁਪਨਾ ਨੌਕਰਸ਼ਾਹ, ਡਾਕਟਰ, ਇੰਜੀਨੀਅਰ ਅਤੇ ਹੋਰ ਕਿੱਤਿਆਂ ਵਿੱਚ ਸਫਲ ਹੋਣ ਦਾ ਹੈ | ਸੂਬਾ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਪੰਜਾਬ ਵਿੱਚ ਯੂਨਿਟ ਸਥਾਪਤ ਕਰਨ ਲਈ ਕਈ ਉਦਯੋਗਿਕ ਕਾਰੋਬਾਰੀਆਂ ਨਾਲ ਰਾਬਤਾ ਤੇ ਸਹਿਯੋਗ ਕਰ ਰਹੀ ਹੈ | ਉਨ੍ਹਾ ਕਿਹਾ ਕਿ ਇਨ੍ਹਾਂ ਉਦਯੋਗਾਂ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ | ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਪਹਿਲਾਂ ਉਦਯੋਗ ਸੱਤਾ ਵਿੱਚ ਰਹਿੰਦੇ ਪਰਵਾਰਾਂ ਨਾਲ ਸਮਝੌਤਿਆਂ ‘ਤੇ ਦਸਤਖਤ ਕਰਦੇ ਸਨ, ਪਰ ਜਦੋਂ ਤੋਂ ਉਨ੍ਹਾ ਸਰਕਾਰ ਦਾ ਅਹੁਦਾ ਸੰਭਾਲਿਆ ਹੈ, ਪੰਜਾਬ ਲਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ | ਪਹਿਲਾਂ ਮਹਾਰਾਜਿਆਂ ਜਾਂ ਬਾਦਲਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਭ ਮਿਲਦਾ ਸੀ, ਪਰ ਹੁਣ ਇਸ ਦਾ ਫਲ ਪੰਜਾਬੀਆਂ ਨੂੰ ਮਿਲੇਗਾ | ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ, ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਪੀ ਟੀ ਐੱਮ ਵਿੱਚ ਵਿਦਿਆਰਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ | ਉਨ੍ਹਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਬਾਰੇ ਪੁੱਛਿਆ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ | ਮਾਨ ਨੇ ਕਿਹਾ ਕਿ ਮੈਗਾ ਪੀ ਟੀ ਐੱਮ ਕਰਵਾਉਣ ਦੀ ਇਸ ਕਵਾਇਦ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ | ਇਸ ਦੌਰਾਨ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੀਤੇ ਗਏ ਉਪਰਾਲੇ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ | ਉਨ੍ਹਾ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮੁਕਾਬਲੇ ਦੇ ਹਾਣ ਦਾ ਬਣਾਉਣ ਵਿੱਚ ਸਹਾਈ ਹੋਵੇਗਾ | ਉਨ੍ਹਾ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲੱਗਾ ਹੈ | ਸੂਬੇ ਭਰ ਦੇ 20 ਹਜ਼ਾਰ ਸਕੂਲਾਂ ਵਿੱਚ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਅਧਿਆਪਕ-ਮਾਪੇ ਮਿਲਣੀ ਵਿੱਚ 10 ਲੱਖ ਤੋਂ ਵੱਧ ਮਾਪੇ ਸ਼ਾਮਲ ਹੋਏ |

LEAVE A REPLY

Please enter your comment!
Please enter your name here