ਮਾਨਸਾ (ਪਰਮਦੀਪ ਰਾਣਾ)
ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਰਵਾਰ ਨੂੰ ਐਤਵਾਰ ਮਿਲ ਕੇ ਅੰਤਰਰਾਸ਼ਟਰੀ ਗਾਇਕ ਤੇ ਹੋਣਹਾਰ ਨੌਜਵਾਨ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦਿਲੀ ਹਮਦਰਦੀ ਪ੍ਰਗਟ ਕੀਤੀ | ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਲੋਕ ਦਿਲਾਂ ‘ਤੇ ਰਾਜ ਕਰਨ ਵਾਲੇ ਗਾਇਕ ਦੀ ਘਿਨੌਣੀ ਹੱਤਿਆ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ |
ਅੱਜ ਪੰਜਾਬ ਵਿੱਚ ਸ਼ਹਿਰੀਆਂ ਦੀ ਜਾਨ-ਮਾਲ ਦੀ ਸੁੁਰੱਖਿਆ ਨਹੀਂ ਹੈ, ਅਮਨ-ਕਾਨੂੰਨ ਦੀ ਸਥਿਤੀ ਪਿਛਲੇ ਸਾਰੇ ਸਮਿਆਂ ਨਾਲੋਂ ਮਾੜੀ ਅਤੇ ਅਤਿ-ਨਾਜ਼ੁਕ ਬਣ ਚੁੱਕੀ ਹੈ | ਉਨ੍ਹਾ ਕਿਹਾ ਕਿ ਗੈਰ-ਤਜਰਬੇਕਾਰ ਸਰਕਾਰ ਇਸ ਦੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ | ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆਂ ਜਾਵੇ ਤੇ ਪੰਜਾਬ ਵਿੱਚ ਅਮਨ-ਸ਼ਾਂਤੀ ਸਥਾਪਤ ਕਰਨਾ ਸਰਕਾਰ ਦਾ ਪਹਿਲਾ ਕਰਤੱਵ ਹੋਣਾ ਚਾਹੀਦਾ ਹੈ | ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਇਸਤਰੀ ਆਗੂ ਦਲਜੀਤ ਅਰਸ਼ੀ ਤੇ ਸਾਬਕਾ ਕੌਂਸਲਰ ਕਿਰਨਾ ਰਾਣੀ ਉਨ੍ਹਾ ਨਾਲ ਸਨ |