ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬੇਮਿਸਾਲ : ਮਾਨ

0
365

ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਤੇ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਲਈ ਪ੍ਰੇਰਿਤ ਕਰਦੀ ਰਹੇਗੀ | ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਹੋਏ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਨਿੱਕੀ ਉਮਰੇ ਸ਼ਹੀਦੀ ਪ੍ਰਾਪਤ ਕਰ ਕੇ ਸਰਹਿੰਦ ਦੇ ਸੂਬੇ ਦੇ ਅੱਤਿਆਚਾਰ ਖ਼ਿਲਾਫ਼ ਬੇਮਿਸਾਲ ਸਾਹਸ ਅਤੇ ਨਿਡਰਤਾ ਦਾ ਸਬੂਤ ਦਿੱਤਾ | ਦੁਨੀਆ ਛੋਟੇ ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਅੱਗੇ ਸਿਰ ਝੁਕਾ ਰਹੀ ਹੈ, ਜਿਸ ਦੀ ਵਿਸ਼ਵ ਦੇ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ ਹੈ | ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਇਹ ਕੁਰਬਾਨੀ ਲਾਮਿਸਾਲ ਹੈ | ਉਨ੍ਹਾ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਇਸ ਅਦੁੱਤੀ ਕੁਰਬਾਨੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਇਹ ਨਾ ਸਿਰਫ਼ ਪੰਜਾਬੀਆਂ ਤੇ ਸਾਡੇ ਦੇਸ਼ ਵਾਸੀਆਂ, ਸਗੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕਾਂ ਲਈ ਮਾਣ ਵਾਲੀ ਗੱਲ ਹੈ | ਸਮਾਗਮ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸਾਡੀ ਨੌਜਵਾਨ ਪੀੜ੍ਹੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਵਿਰਾਸਤ ਬਾਰੇ ਜਾਣੂੰ ਕਰਵਾਉਣ ਵਿਚ ਸਹਾਈ ਸਾਬਤ ਹੋਵੇਗਾ |

LEAVE A REPLY

Please enter your comment!
Please enter your name here