ਕਸ਼ਮੀਰੀ ਪੰਡਤ ਬਲੀ ਦੇ ਬੱਕਰੇ

0
321

ਜਿਉਂ-ਜਿਉਂ 2024 ਦੀਆਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਭਾਜਪਾ ਆਪਣੇ ਨਫ਼ਰਤੀ ਏਜੰਡੇ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ | ਇਸ ਸਮੇਂ ਉਹ ਕਸ਼ਮੀਰ ਬਨਾਮ ਬਾਕੀ ਭਾਰਤ ਦੀ ਨਿਰਦਈ ਖੇਡ ਖੇਡਣ ਵਿੱਚ ਰੁੱਝ ਗਈ ਹੈ | ਹਰ ਕੋਈ ਜਾਣਦਾ ਹੈ ਕਿ ਪਿਛਲੇ ਸਮੇਂ ਤੋਂ ਘਾਟੀ ਵਿੱਚ ਨੌਕਰੀ ਕਰ ਰਹੇ ਕਸ਼ਮੀਰੀ ਪੰਡਤਾਂ ਤੇ ਹੋਰ ਘੱਟ-ਗਿਣਤੀਆਂ ਨੂੰ ਅੱਤਵਾਦੀ ਆਪਣਾ ਨਿਸ਼ਾਨਾ ਬਣਾ ਰਹੇ ਹਨ | ਉਹ ਹਰ ਹਫ਼ਤੇ ਹਿੱਟ ਲਿਸਟ ਯਾਨੀ ਹੱਤਿਆ ਲਈ ਮਿੱਥੇ ਗਏ ਲੋਕਾਂ ਦੀਆਂ ਸੂਚੀਆਂ ਜਾਰੀ ਕਰ ਰਹੇ ਹਨ |
ਸਾਂਬਾ ਜ਼ਿਲ੍ਹੇ ਦੀ ਨਿਵਾਸੀ ਰਜਨੀ ਬਾਲਾ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਅੱਤਵਾਦੀਆਂ ਨੇ 31 ਮਈ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ | ਉਦੋਂ ਤੋਂ ਹੀ ਡੋਗਰੇ ਤੇ ਕਸ਼ਮੀਰੀ ਪੰਡਤ ਕਰਮਚਾਰੀ ਘਾਟੀ ਵਿੱਚ ਮਿਲੀਆਂ ਨੌਕਰੀਆਂ ਛੱਡ ਕੇ ਜੰਮੂ ਪਰਤ ਆਏ ਸਨ | ਉਹ ਆਲ ਜੰਮੂ ਬੇਸਡ ਰਿਜ਼ਰਵਡ ਕੈਟੇਗਰੀ ਇੰਪਲਾਈਜ਼ ਐਸੋਸੀਏਸ਼ਨ ਦੇ ਝੰਡੇ ਹੇਠ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਜੰਮੂ ਖੇਤਰ ਵਿੱਚ ਸਥਿਤ ਗ੍ਰਹਿ ਜ਼ਿਲਿ੍ਹਆਂ ਵਿੱਚ ਤਬਦੀਲ ਕੀਤਾ ਜਾਵੇ | ਇਸ ਦੌਰਾਨ ਪ੍ਰਧਾਨ ਮੰਤਰੀ ਪੈਕੇਜ ਕਰਮਚਾਰੀ ਆਪਣੇ ਸਾਥੀ ਰਾਹੁਲ ਭੱਟ ਦੀ 12 ਮਈ ਨੂੰ ਅੱਤਵਾਦੀਆਂ ਵੱਲੋਂ ਹੱਤਿਆ ਕੀਤੇ ਜਾਣ ਤੋਂ ਬਾਅਦ ਹੜਤਾਲ ਉੱਤੇ ਹਨ | ਉਨ੍ਹਾਂ ਦੀ ਮੰਗ ਹੈ ਕਿ ਜਿੰਨਾ ਚਿਰ ਘਾਟੀ ਦੀ ਸੁਰੱਖਿਆ ਹਾਲਤ ਨਹੀਂ ਸੁਧਰਦੀ, ਉਨ੍ਹਾਂ ਦਾ ਅਸਥਾਈ ਤੌਰ ਉੱਤੇ ਜੰਮੂ ਖੇਤਰ ਵਿੱਚ ਤਬਾਦਲਾ ਕਰ ਦਿੱਤਾ ਜਾਵੇ |
ਇਨ੍ਹਾਂ ਲੋਕਾਂ ਨੂੰ ਜੇਕਰ ਘਾਟੀ ਵਿੱਚੋਂ ਜੰਮੂ ਖੇਤਰ ਵਿੱਚ ਬਦਲ ਦਿੱਤਾ ਜਾਵੇ ਤਾਂ ਭਾਜਪਾ ਦਾ ਨਿਸ਼ਾਨਾ ਪੂਰਾ ਨਹੀਂ ਹੁੰਦਾ, ਕਿਉਂਕਿ ਘਾਟੀ ਵਿੱਚ ਜਿੰਨੇ ਵੱਧ ਕਸ਼ਮੀਰੀ ਪੰਡਤ ਬਲੀ ਦੇ ਬੱਕਰੇ ਬਣਨਗੇ, ਬਾਕੀ ਦੇਸ਼ ਅੰਦਰ ਓਨਾ ਹੀ ਮੁਸਲਮਾਨਾਂ ਵਿਰੁੱਧ ਹਿੰਦੂ ਭਾਵਨਾਵਾਂ ਨੂੰ ਭੜਕਾਇਆ ਜਾ ਸਕੇਗਾ |
ਪਿਛਲੇ 7 ਮਹੀਨਿਆਂ ਤੋਂ ਆਪਣੀ ਤਬਾਦਲਾ ਨੀਤੀ ਦੀ ਮੰਗ ਨੂੰ ਲੈ ਕੇ ਕਸ਼ਮੀਰ ਘਾਟੀ ਦੇ ਕਰਮਚਾਰੀ ਹੜਤਾਲ ਉੱਤੇ ਹਨ | ਹੁਣ ਉਥੋਂ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਤਾਜ਼ਾ ਬਿਆਨ ਨੇ ਕਸ਼ਮੀਰੀ ਪੰਡਤਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ | ਉਪ ਰਾਜਪਾਲ ਨੇ ਕਿਹਾ ਹੈ ਕਿ ਤਬਾਦਲੇ ਲਈ ਪ੍ਰਦਰਸ਼ਨ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ ਕੰਮ ਉੱਤੇ ਨਾ ਆਉਣ ਕਾਰਨ ਤਨਖਾਹ ਨਹੀਂ ਦਿੱਤੀ ਜਾਵੇਗੀ | ਉਨ੍ਹਾ ਕਿਹਾ ਕਿ ਅਸੀਂ ਮੁਲਾਜ਼ਮਾਂ ਦੀ 31 ਅਗਸਤ ਦੀ ਤਨਖਾਹ ਨੂੰ ਮਨਜ਼ੂਰੀ ਦਿੱਤੀ ਹੈ, ਪੰ੍ਰਤੂ ਕੰਮ ਉੱਤੇ ਨਾ ਆਉਣ ਕਾਰਨ ਇਸ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ |
ਇਸ ਬਿਆਨ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ 22 ਦਸੰਬਰ ਨੂੰ ਜੰਮੂ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ | ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਨਖ਼ਾਹਾਂ ਰੋਕਣ ਦਿਓ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕੋਈ ਨੌਕਰੀ ਉੱਤੇ ਨਹੀਂ ਜਾਵੇਗਾ | ਤਨਖ਼ਾਹ ਜ਼ਿੰਦਗੀ ਨਾਲੋਂ ਮਹੱਤਵਪੂਰਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੁਰੱਖਿਆ ਦੀ ਅਣਹੋਂਦ ਵਿੱਚ ਕਰਮਚਾਰੀਆਂ ਨੂੰ ਡਿਊਟੀ ਕਰਨ ਤੇ ਮਾਰੇ ਜਾਣ ਲਈ ਦਬਾਅ ਬਣਾਉਣ ਵਾਸਤੇ ਉਨ੍ਹਾਂ ਦੀਆਂ ਤਨਖ਼ਾਹਾਂ ਰੋਕ ਰਹੀ ਹੈ | ‘ਦੀ ਹਿੰਦੂ’ ਦੀ ਰਿਪੋਰਟ ਮੁਤਾਬਕ ਇੱਕ ਪ੍ਰਮੁੱਖ ਕਸ਼ਮੀਰੀ ਪੰਡਤ ਆਗੂ ਅਗਨੀ ਸ਼ੇਖਰ ਨੇ ਦੋਸ਼ ਲਾਇਆ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਪੰਡਤਾਂ ਨੂੰ ਬਲੀ ਦੇ ਬੱਕਰੇ ਬਣਾ ਰਿਹਾ ਹੈ | ਪੰਡਤਾਂ ਦਾ ਕਸ਼ਮੀਰ ਘਾਟੀ ਛੱਡਣਾ ਸੁਰੱਖਿਆ ਦੀ ਨਾਕਾਮੀ ਹੈ |
ਯਾਦ ਰਹੇ ਕਿ 5 ਦਸੰਬਰ ਨੂੰ ਅੱਤਵਾਦੀ ਜਥੇਬੰਦੀ ਲਸ਼ਕਰੇ-ਤਈਬਾ ਨੇ ਪ੍ਰਧਾਨ ਮੰਤਰੀ ਪੁਨਰਵਾਸ ਪੈਕੇਜ ਤਹਿਤ ਕੰਮ ਕਰ ਰਹੇ 56 ਕਸ਼ਮੀਰੀ ਪੰਡਤਾਂ ਦੇ ਨਾਵਾਂ ਦੀ ਹਿੱਟ ਲਿਸਟ ਜਾਰੀ ਕਰਕੇ ਧਮਕੀ ਦਿੱਤੀ ਸੀ ਕਿ ਉਹ ਉਨ੍ਹਾਂ ਦੀਆਂ ਕਾਲੋਨੀਆਂ ਨੂੰ ਕਬਰਸਤਾਨ ਵਿੱਚ ਬਦਲ ਦੇਣਗੇ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here