ਮੰਗਾਂ ਮੰਨਵਾਉਣ ਲਈ ਪੀ ਆਰ ਟੀ ਸੀ ਕਾਮੇ 19 ਨੂੰ ਕਰਨਗੇ ਵਿਸ਼ਾਲ ਕਾਨਫਰੰਸ

0
285

ਪਟਿਆਲਾ : ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਮੰਗਲਵਾਰ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਦੀ ਕਨਵੀਨਰਸ਼ਿਪ ਹੇਠ ਹੋਈ | ਇਸ ਮੀਟਿੰਗ ਵਿੱਚ ਛੇ ਜਥੇਬੰਦੀਆਂ ਦੇ ਪ੍ਰਮੁੱਖ ਨੁਮਾਇੰਦੇ ਸਰਵਸ੍ਰੀ ਦਲਜੀਤ ਸਿੰਘ ਪ੍ਰਧਾਨ ਏਟਕ, ਬਲਦੇਵ ਰਾਜ ਬੱਤਾ ਪ੍ਰਧਾਨ ਇੰਟਕ, ਹਰਪ੍ਰੀਤ ਸਿੰਘ ਖਟੜਾ ਪ੍ਰਧਾਨ ਕਰਮਚਾਰੀ ਦਲ, ਨਸੀਬ ਚੰਦ ਸਕੱਤਰ ਐੱਸ.ਸੀ./ਬੀ.ਸੀ., ਇੰਦਰਪਾਲ ਸਿੰਘ ਜਨਰਲ ਸਕੱਤਰ ਸੀਟੂ ਅਤੇ ਉੱਤਮ ਸਿੰਘ ਬਾਗੜੀ ਜਨਰਲ ਸਕੱਤਰ ਭਾਈਚਾਰਾ ਯੂਨੀਅਨ ਏਟਕ ਸਮੇਤ ਆਪਣੇ ਆਪਣੇ ਹੋਰ ਆਹੁਦੇਦਾਰਾਂ ਸਮੇਤ ਸ਼ਾਮਲ ਸਨ |
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੇ ਕੰਟਰੈਕਟ ਵਰਕਰਾਂ ਦੀਆਂ ਸੇਵਾਵਾਂ ਪੱਕੇ ਕਰਨ ਸਮੇਤ ਅਨੇਕਾਂ ਹੋਰ ਮੁਸ਼ਕਲਾਂ, ਵਰਕਰਾਂ ਨੂੰ ਤਨਖਾਹ ਪੈਨਸ਼ਨਾਂ ਸਮੇਂ ਸਿਰ ਨਾ ਮਿਲਣਾ, ਪੁਰਾਣੀ ਪੈਨਸ਼ਨ ਸਕੀਮ, ਭਿ੍ਸ਼ਟਾਚਾਰ, ਜਨਰਲ ਮੈਨੇਜਰਾਂ ਵੱਲੋਂ ਕੀਤੀ ਜਾਂਦੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀਆਂ, ਕਿਲੋਮੀਟਰ ਸਕੀਮ, ਓਵਰ ਟਾਈਮ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੈਸਟਾਂ ਵਿੱਚ ਤਬਦੀਲ ਕਰਨਾ, ਟਾਟਾ ਬੱਸਾਂ ਪਾਉਣ ਦਾ ਗਲਤ ਅਤੇ ਨੁਕਸਾਨਦੇਹ ਫੈਸਲਾ, ਮੈਡੀਕਲ ਬਿੱਲ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ‘ਤੇ ਪੈਨਸ਼ਨ ਲਾਗੂ ਕਰਨਾ, ਕੰਟਰੈਕਟ/ਆਊਟ ਸੋਰਸ ਵਰਕਰਾਂ ਦੀ ਤਨਖਾਹ ਵਿੱਚ ਬਰਾਬਰੀ ਲਿਆਉਣਾ ਆਦਿ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਕਰਨ ਦੇ ਪਹਿਲੇ ਪੜਾਅ ਵਜੋਂ 19 ਜਨਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ | ਇਸ ਕਨਵੈਨਸ਼ਨ ਵਿੱਚ ਠੋਸ ਫੈਸਲੇ ਲੈ ਕੇ ਸਿੱਟੇ ਕੱਢਣ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ |
ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਮੀਟਿੰਗ ਵਿੱਚ ਕੀਤੀ ਗਈ ਗੰਭੀਰ ਚਰਚਾ ਦੀ ਜਾਣਕਾਰੀ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਸਮੁੱਚੇ ਵਰਕਰਾਂ ਦਾ ਸਹਿਯੋਗ ਲੈ ਕੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਲਈ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਆਪਣੇ ਪੱਧਰ ‘ਤੇ ਸਕੀਮ ਤਿਆਰ ਕਰਕੇ ਇਹ ਮਸਲਾ ਹੱਲ ਕਰਨ ਲਈ ਕਿਹਾ ਜਾਵੇਗਾ | ਇਸੇ ਤਰ੍ਹਾਂ ਮੁਫਤ ਸਫਰ ਬਦਲੇ ਬਿਨਾਂ ਦੇਰੀ ਨਿਰਵਿਘਨ ਤੌਰ ‘ਤੇ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਤਨਖਾਹ/ਪੈਨਸ਼ਨ ਦੀ ਅਦਾਇਗੀ ਕਰਵਾਉਣ ਲਈ ਸਰਕਾਰ ਤੋਂ ਪੈਸੇ ਲੈਣ ਸੰਬੰਧੀ ਅਤੇ ਹੋਰ ਅਨੇਕਾਂ ਮਸਲੇ ਹਨ, ਜਿਨ੍ਹਾਂ ਲਈ ਵੱਖ-ਵੱਖ ਤਰੀਕੇ ਦੀਆਂ ਐਜੀਟੇਸ਼ਨਾਂ ਸ਼ੁਰੂ ਕੀਤੀਆਂ ਜਾਣਗੀਆਂ | ਅੰਤ ਵਿੱਚ ਐਕਸ਼ਨ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਪੀ.ਆਰ.ਟੀ.ਸੀ. ਦੇ ਸਮੁੱਚੇ ਕਰਮਚਾਰੀ ਇਸ ਅਹਿਮ ਫੈਸਲੇ ਕਰਨ ਜਾ ਰਹੀ ਕਨਵੈਨਸ਼ਨ ਵਿੱਚ 19 ਜਨਵਰੀ ਨੂੰ ਹੁੰਮ-ਹੁੰਮਾ ਕੇ ਪੁੱਜਣ ਤਾਂ ਕਿ ਵਰਕਰਾਂ ਲਈ ਕੁੱਝ ਹਾਸਲ ਕਰਨ ਦਾ ਸੰਘਰਸ਼ੀ ਰਸਤਾ ਅਖਤਿਆਰ ਕੀਤਾ ਜਾ ਸਕੇ |

LEAVE A REPLY

Please enter your comment!
Please enter your name here