ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਲਈ 34.44 ਕਰੋੜ ਰੁਪਏ ਜਾਰੀ

0
270

ਚੰਡੀਗੜ੍ਹ : ਪੰਜਾਬ ਦੇ ਜਿਨ੍ਹਾਂ ਪਿੰਡਾਂ ਵਿਚ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ ਜਾਂ ਜਿੱਥੇ ਪਾਣੀ ਦੀ ਕੁਆਲਿਟੀ ਮਾੜੀ ਹੈ, ਉਥੇ ਨਹਿਰੀ ਪਾਣੀ ਦੀ ਸੁਧਾਈ ਕਰਕੇ ਸਪਲਾਈ ਕੀਤੀ ਜਾ ਰਹੀ ਹੈ | ਅਜਿਹੀਆਂ 5 ਡਵੀਜ਼ਨਾਂ ਵਿਚ ਨਹਿਰੀ ਸਾਫ ਪਾਣੀ ਦੀ ਸਪਲਾਈ ਲਈ ਪੰਜਾਬ ਸਰਕਾਰ ਨੇ 34 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਾਰੀ ਕੀਤੀ ਹੈ |
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਿੰਡਾਂ ‘ਚ ਰਹਿਣ ਵਾਲਿਆਂ ਨੂੰ ਬੁਨਿਆਦੀ ਸਹੂਲਤਾਂ ਖਾਸ ਤੌਰ ‘ਤੇ ਸਾਫ ਪੀਣਯੋਗ ਪਾਣੀ ਦੀ ਸਪਲਾਈ ਲਈ ਮਾਨ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਨਹਿਰੀ ਪਾਣੀ ਦੀ ਸਪਲਾਈ ਇਨ੍ਹਾਂ ਸਕੀਮਾਂ ਵਿਚੋਂ ਹੀ ਇਕ ਪ੍ਰਮੁੱਖ ਸਕੀਮ ਹੈ | ਇਸ ਤਹਿਤ ਪੰਜਾਬ ਦੀਆਂ 5 ਡਵੀਜ਼ਨਾਂ ਰਾਜਪੁਰਾ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਅਬੋਹਰ ਅਤੇ ਗੁਰਦਾਸਪੁਰ ਡਵੀਜ਼ਨ ਨੰਬਰ 1 ਨੂੰ ਸਰਕਾਰ ਨੇ 34.44 ਕਰੋੜ ਰੁਪਏ ਜਾਰੀ ਕੀਤੇ ਹਨ, ਤਾਂ ਜੋ ਇਨ੍ਹਾਂ ਡਵੀਜ਼ਨਾਂ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਦੀ ਸਪਲਾਈ ਕੀਤੀ ਜਾ ਸਕੇ |
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਰਾਜਪੁਰਾ ਦੀ ਮੰਡੋਲੀ ਸਕੀਮ ਨੂੰ 10.01 ਕਰੋੜ ਅਤੇ ਪਾਬਰਾ ਨੂੰ 11.18 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਫਤਿਹਗੜ੍ਹ ਸਾਹਿਬ ਦੇ ਨਾਨੋਵਾਲ ਪਿੰਡ ਦੀ ਸਕੀਮ ਨੂੰ 2 ਕਰੋੜ ਰੁਪਏ, ਜਦਕਿ ਫਾਜ਼ਿਲਕਾ ਦੇ ਘਾਟਿਆਂ ਵਾਲਾ ਬੋਦਲਾ ਅਤੇ ਸੋਹਣਗੜ੍ਹ ਸਕੀਮਾਂ ਲਈ 3.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ | ਉੱਧਰ ਅਬੋਹਰ ਦੇ ਪਿੰਡ ਪੱਤਰੇਵਾਲਾ ਦੀ ਨਹਿਰੀ ਪਾਣੀ ਦੀ ਸਕੀਮ ਨੂੰ 2.70 ਕਰੋੜ ਰੁਪਏ ਜਾਰੀ ਕੀਤੇ ਗਏ ਹਨ | ਗੁਰਦਾਸਪੁਰ ਦੇ ਆਰਸੈਨਿਕ ਪ੍ਰਭਾਵਤ 102 ਪਿੰਡਾਂ ਨੂੰ ਪਾਈਪਾਂ ਰਾਹੀਂ ਪਾਣੀ ਦੇਣ ਵਾਲੀ ਪਿੰਡ ਕੁੰਜਰ ਦੀ ਸਕੀਮ ਲਈ ਵੀ 5.02 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ |

LEAVE A REPLY

Please enter your comment!
Please enter your name here