ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ‘ਚ ਬੱਸ ਕੰਡਕਟਰ ਨੇ ਪੇਚਕਸ ਨਾਲ 51 ਵਾਰ ਕਰਕੇ 20 ਸਾਲਾ ਮੁਟਿਆਰ ਦੀ ਹੱਤਿਆ ਕਰ ਦਿੱਤੀ | ਜਦੋਂ ਮੁਲਜ਼ਮ ਪੀੜਤਾ ਦੇ ਘਰ ਪਹੁੰਚਿਆ ਤਾਂ ਉਹ ਘਰ ‘ਚ ਇਕੱਲੀ ਸੀ | ਹਮਲੇ ਦੌਰਾਨ ਉਸ ਨੇ ਮੁਟਿਆਰ ਦੇ ਮੂੰਹ ‘ਤੇ ਸਿਰਹਾਣਾ ਰੱਖਿਆ ਤਾਂ ਜੋ ਕੋਈ ਉਸ ਦੀਆਂ ਚੀਕਾਂ ਨਾ ਸੁਣ ਸਕੇ | ਪੀੜਤਾ ਦਾ ਭਰਾ ਜਦੋਂ ਘਰ ਪਰਤਿਆ ਤਾਂ ਉਸ ਨੂੰ ਆਪਣੀ ਭੈਣ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਮੁਲਜ਼ਮ ਦੀ ਮੁਟਿਆਰ ਨਾਲ ਤਿੰਨ ਸਾਲ ਪਹਿਲਾਂ ਦੋਸਤੀ ਹੋਈ ਸੀ, ਜਦੋਂ ਉਹ ਉਸ ਦੀ ਬੱਸ ‘ਚ ਸਫਰ ਕਰਦੀ ਸੀ | ਮੁਲਜ਼ਮ ਬਾਅਦ ਵਿਚ ਕੰਮ ਲਈ ਗੁਜਰਾਤ ਦੇ ਅਹਿਮਦਾਬਾਦ ਚਲਾ ਗਿਆ ਤੇ ਦੋਵੇਂ ਫੋਨ ‘ਤੇ ਸੰਪਰਕ ਵਿਚ ਰਹੇ | ਮੁਟਿਆਰ ਨੇ ਜਦੋਂ ਫੋਨ ‘ਤੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਮੁਲਜ਼ਮ ਨੇ ਮੁਟਿਆਰ ਦੇ ਮਾਪਿਆਂ ਨੂੰ ਧਮਕੀਆਂ ਵੀ ਦਿੱਤੀਆਂ | ਪੁਲਸ ਮੁਲਜ਼ਮ ਨੂੰ ਲੱਭ ਰਹੀ ਸੀ |




