ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕਰ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਮਹੀਨਾ-ਦਰ-ਮਹੀਨਾ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਮਹੀਨਿਆਂ ਦੌਰਾਨ ਵਸਤੂਆਂ ‘ਤੇ ਸੇਵਾਵਾਂ ਕਰ (ਜੀ.ਐੱਸ.ਟੀ.) ਤੋਂ ਮਾਲੀਆ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ 24.5 ਫੀਸਦੀ ਵਧਿਆ ਹੈ | ਇੱਥੇ ਜਾਰੀ ਪ੍ਰੱੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2021-22 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀ.ਐੱਸ.ਟੀ. ਤੋਂ ਕੁੱਲ ਮਾਲੀਆ 9612.6 ਕਰੋੜ ਰੁਪਏ ਸੀ, ਜਦੋਂ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਕੁੱਲ ਜੀ.ਐੱਸ.ਟੀ. ਕੁਲੈਕਸ਼ਨ 11967.76 ਕਰੋੜ ਰੁਪਏ ਰਿਹਾ, ਜਿਸ ਨਾਲ 2355.6 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਿਭਾਗ ਵੱਲੋਂ ਆਮ ਨਿਰੀਖਣਾਂ ਰਾਹੀਂ ਇਮਾਨਦਾਰ ਕਰਦਾਤਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਤਕਨਾਲੋਜੀ ਦੀ ਵਰਤੋਂ ‘ਤੇ ਜ਼ੋਰ ਦਿੱਤਾ ਗਿਆ ਹੈ | ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐੱਨ.ਆਈ.ਸੀ ਦੁਆਰਾ ਬਣਾਏ ਗਏ ਨਵੀਨਤਮ ਡੇਟਾ ਵਿਸ਼ਲੇਸ਼ਣ ਟੂਲ, ਜੀ.ਐੱਸ.ਟੀ ਪ੍ਰਾਈਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਵੀ ਫੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜੀ ਐੱਸ ਟੀ ਪ੍ਰਾਈਮ ਵੱਖ-ਵੱਖ ਮਾਪਦੰਡਾਂ ‘ਤੇ ਵਿਸ਼ੇਸ਼ ਡੇਟਾ ਵਿਸ਼ਲੇਸ਼ਣ ਰਿਪੋਰਟਾਂ ਬਣਾਉਣ ਵਿੱਚ ਮਦਦ ਕਰੇਗਾ ਅਤੇ ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵਿਭਾਗ ਨੇ ਕਰਦਾਤਿਆਂ ਦੇ ਮਾਰਗਦਰਸ਼ਨ ਅਤੇ ਸਹੂਲਤ ਦੇਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵੀ ਕੀਤੀਆਂ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਣ | ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੀ.ਐੱਸ.ਟੀ.ਐੱਨ ਪਲੇਟਫਾਰਮ ‘ਤੇ ਉਪਲੱਬਧ ਡਾਟਾ ਦੀ ਨਿਗਰਾਨੀ ਲਈ ਸਟੇਟ ਜੀ.ਐੱਸ.ਟੀ ਕਮਿਸ਼ਨਰੇਟ ਵਿੱਚ ਇੱਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਵੀ ਸਥਾਪਤ ਕਰਨ ਦਾ ਫੈਸਲਾ ਵੀ ਇਸੇ ਲਈ ਕੀਤਾ ਹੈ, ਕਿਉਂਕਿ ਰਜਿਸਟਰਡ ਕਰਦਾਤਿਆਂ ਦੀਆਂ ਸਾਰੀਆਂ ਸੇਵਾਵਾਂ ਅਤੇ ਰਿਟਰਨ ਜੀ.ਐੱਸ.ਟੀ.ਐੱਨ ਪਲੇਟਫਾਰਮ ‘ਤੇ ਡਿਜੀਟਲ ਮੋਡ ਵਿੱਚ ਉਪਲੱਬਧ ਹਨ ਅਤੇ ਇਹ ਬਹੁਤ ਸਾਰਾ ਡਾਟਾ ਤਿਆਰ ਕਰ ਰਿਹਾ ਹੈ | ਨਵੇਂ ਸਾਲ 2023 ਦੌਰਾਨ ਇਮਾਨਦਾਰ ਕਰਦਾਤਿਆਂ ਦੀ ਸਹੂਲਤ ਲਈ ਕਰ ਵਿਭਾਗ ਵੱਲੋਂ ਹੋਰ ਦੋਸਤਾਨਾ ਪਹਿਲਕਦਮੀਆਂ ਨੂੰ ਅਪਣਾਉਣ ਦਾ ਵਾਅਦਾ ਕਰਦਿਆਂ ਸ. ਹਰਪਾਲ ਚੀਮਾ ਨੇ ਕਿਹਾ ਕਿ ਕਰ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਜੀ.ਐੱਸ.ਟੀ ਸੰਬੰਧੀ ਕਰਦਾਤਿਆਂ ਦੇ ਸਵਾਲਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ 9160500033 ਲਾਂਚ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੀ ਐੱਸ ਟੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਇਸ ਨੰਬਰ ‘ਤੇ ਵਟਸਐਪ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਫੀਡਬੈਕ ਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਰਦਾਤਿਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਨ ਦੀ ਨੀਤੀ ਤਹਿਤ ਅਜਿਹੀਆਂ ਹੋਰ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ |





