ਸ਼ਾਹਕੋਟ (ਗਿਆਨ ਸੈਦਪੁਰੀ)
‘ਮਲਿਕ ਭਾਗੋਆਂ ਵਿਰੁੱਧ ਭਾਈ ਲਾਲੋਆਂ ਦੀ ਲੜਾਈ ਸਦੀਆਂ ਤੋਂ ਜਾਰੀ ਹੈ | ਹੱਕਾਂ ਲਈ ਲੜ ਰਹੀ ਭਾਈ ਲਾਲੋਆਂ ਦੀ ਉਸ ਫੌਜ ਦੇ ਯੋਧਿਆਂ ਵਿੱਚ ਸ਼ੁਮਾਰ ਸਨ ਕਾਮਰੇਡ ਸੰਤੋਖ ਸਿੰਘ ਸੰਘੇੜਾ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ | ਉਹ ਏਟਕ ਦੀ ਅੱਲਾਪੂਜਾ (ਕੇਰਲਾ) ਵਿੱਚ ਹੋਈ 42ਵੀਂ ਕਾਂਗਰਸ ਦੀ ਸਮਾਪਤੀ ਉਪਰੰਤ ਰੇਲ ਹਾਦਸੇ ਦਾ ਸ਼ਿਕਾਰ ਹੋ ਕੇ ਵਿਛੋੜਾ ਦੇ ਗਏ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ (ਬਰਾਕ) ਵਿੱਚ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਧਰਤੀ ਨਾਲ ਜੁੜੇ ਰਹੇ ਕਾਮਰੇਡ ਸੰਘੇੜਾ ਨੇ ਥੁੜ੍ਹੇ ਹੋਏ ਲੋਕਾਂ ਦੀ ਬਿਹਤਰੀ ਲਈ ਜਿਹੜਾ ਰਾਹ ਚੁਣਿਆ ਸੀ, ਉਹ ਸਾਰੀ ਉਮਰ ਉਸ ‘ਤੇ ਅਡੋਲ ਚੱਲਦੇ ਰਹੇ | ਉਨ੍ਹਾ ਕਾਮਰੇਡ ਸੰਘੇੜਾ ਦੇ ਪਰਵਾਰ ਨੂੰ ਉਨ੍ਹਾ ਦੇ ਅਪਣਾਏ ਰਸਤੇ ‘ਤੇ ਚੱਲਦੇ ਰਹਿਣ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਸੀ ਪੀ ਆਈ ਪਰਵਾਰ ਦੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਰਹੇਗੀ |
ਕਾਮਰੇਡ ਬਰਾੜ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਵੀ ਪੰਛੀ ਝਾਤ ਪਵਾਈ | ਉਨ੍ਹਾ ਕਿਹਾ ਕਿ ਪੰਜਾਬ ਦੋਖੀ ਤਾਕਤਾਂ ਵੱਲੋਂ ਪੰਜਾਬ ਨੂੰ ਮੁੜ ਬਲਦੀ ਦੇ ਬੁਥੇ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ |
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਾਮਰੇਡ ਸੰਘੇੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਖੇਤ ਮਜ਼ਦੂਰ ਲਹਿਰ ਦਾ ਮੋਹਰਲੀ ਕਤਾਰ ਦਾ ਆਗੂ ਸੀ | ਜਦੋਂ ਵੀ ਲਹਿਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਹੋਇਆ ਕਰੇਗਾ, ਕਾਮਰੇਡ ਸੰਘੇੜਾ ਉਸ ਵਿੱਚ ਸ਼ਾਮਲ ਰਹਿਣਗੇ | ਗੋਰੀਆ ਨੇ ਕਾਮਰੇਡ ਸੰਘੇੜਾ ਦੇ ਪਰਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਦੇਸ਼ ਭਰ ਵਿੱਚੋਂ ਆਏ ਸ਼ੋਕ ਸੰਦੇਸ਼ਾਂ ਦਾ ਜ਼ਿਕਰ ਕਰਦਿਆਂ ਨਗੇਂਦਰ ਨਾਥ ਓਝਾ (ਬਿਹਾਰ), ਵੀ ਐੱਸ ਨਿਰਮਲ (ਦਿੱਲੀ) ਅਤੇ ਰਾਮ ਸਿੰਘ ਨੂਰਪੁਰੀ ਦਾ ਉਚੇਚ ਨਾਲ ਨਾਂਅ ਲਿਆ | ਸੀ ਪੀ ਐੱਮ ਦੇ ਆਗੂ ਰਣਬੀਰ ਸਿੰਘ ਵਿਰਕ ਅਤੇ ਆਰ ਐੱਮ ਪੀ ਆਈ ਦੇ ਆਗੂ ਮੱਖਣ ਸਿੰਘ ਕੋਹਾੜ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਸੰਘੇੜਾ ਇੱਕ ਕਰਮਯੋਗੀ ਸਨ | ਉਨ੍ਹਾ ਵੱਲੋਂ 4 ਸਾਲ ਤੱਕ ਮਾਰਕਸਵਾਦ ਦੀ ਕੀਤੀ ਪੜ੍ਹਾਈ ਨੇ ਉਨ੍ਹਾ ਅੰਦਰਲੀ ਚੇਤਨਾ ਨੂੰ ਹੋਰ ਨਿਖਾਰ ਦਿੱਤਾ ਸੀ | ਉਨ੍ਹਾ ਦੇ ਵਿਛੋੜੇ ਨਾਲ ਸੀ ਪੀ ਆਈ ਅਤੇ ਸਮੁੱਚੀ ਖੱਬੀ ਧਿਰ ਨੂੰ ਘਾਟਾ ਪਿਆ ਹੈ |
ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਸੰਘੇੜਾ ਕਮਿਊਨਿਸਟ ਵਿਰਾਸਤ ਦਾ ਯੋਧਾ ਸੀ | ਸੰਘੇੜਾ ਵੱਲੋਂ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ ਦੇ ਹਵਾਲੇ ਨਾਲ ਉਨ੍ਹਾ ਕਿਹਾ ਕਿ ਕਾਮਰੇਡ ਸੰਘੇੜਾ ਨੇ ਕਿਸਾਨ-ਮਜ਼ਦੂਰ ਏਕਤਾ ਦੇ ਨਾਹਰੇ ਨੂੰ ਸਾਰਥਿਕਤਾ ਪ੍ਰਦਾਨ ਕੀਤੀ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਜਥੇਬੰਦੀ ਦੇ ਸਤਿਕਾਰਤ ਆਗੂ ਸਨ | ਉਹ ਲਹਿਰ ਵਿੱਚ ਪਰਪੱਕ ਹੋਣ ਲਈ ਆਪਣੇ ਸਾਥੀਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਦੇ ਰਹਿੰਦੇ ਸਨ |
ਪੰਜਾਬ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਆਸਲ ਨੇ ਕਿਹਾ ਕਿ ਕਾਮਰੇਡ ਸੰਘੇੜਾ ਮਿਲਣਸਾਰ ਤੇ ਨਿੱਘਾ ਸਾਥੀ ਸੀ | ਆਸਲ ਨੇ ਉਨ੍ਹਾ ਦੀ ਮੌਤ ਉਪਰੰਤ ਪੋਸਟਮਾਰਟਮ ਤੋਂ ਲੈ ਕੇ ਮਿ੍ਤਕ ਸਰੀਰ ਨੂੰ ਹਵਾਈ ਜਹਾਜ਼ ਰਾਹੀਂ ਪਿੰਡ (ਕੋਟਲੀ ਸੂਰਤ ਮੱਲ੍ਹੀ) ਤੱਕ ਮਾਣ-ਸਤਿਕਾਰ ਨਾਲ ਪਹੁੰਚਾਉਣ ਵਿੱਚ ਕੇਰਲਾ ਦੀ ਕਮਿਊਨਿਸਟ ਪਾਰਟੀ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ |
ਬਲਬੀਰ ਸਿੰਘ ਮੱਲ੍ਹੀ, ਸੱਤਿਆ ਦੇਵ ਸੈਣੀ, ‘ਆਪ’ ਆਗੂ ਚੰਨਣ ਸਿੰਘ ਖਾਲਸਾ, ਬਲਬੀਰ ਸਿੰਘ ਕੱਤੋਵਾਲ, ਰੋਡਵੇਜ਼ ਆਗੂ ਗੁਰਜੀਤ ਸਿੰਘ, ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਆਗੂ ਦਿਨੇਸ਼ ਠਾਕੁਰ ਨੇ ਵੀ ਕਾਮਰੇਡ ਸੰਘੇੜਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਗੁਲਜ਼ਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੇ ਫਰਜ਼ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਖਹਿਰਾ ਨੇ ਨਿਭਾਏ | ਉਨ੍ਹਾ ਵੱਲੋਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ | ਸ਼ਰਧਾਂਜਲੀ ਸਮਾਗਮ ਵਿੱਚ ਕਾਮਰੇਡ ਸੰਘੇੜਾ ਦੇ ਪਰਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਮਹਿੰਦਰਪਾਲ ਮੋਹਾਲੀ, ਸੁਰਿੰਦਰ ਭੈਣੀ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਆਗੂ ਮਾਸਟਰ ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ ਕੋਟ ਧਰਮ ਚੰਦ, ਨਾਨਕ ਚੰਦ ਲੰਬੀ, ਰਿਸ਼ੀਪਾਲ ਖੁੱਭਣ, ਮਹਿੰਗਾ ਰਾਮ ਅਤੇ ਰਛਪਾਲ ਸਿੰਘ ਘੁਰਕਵਿੰਡ, ਪ੍ਰਕਾਸ਼ ਕੈਰੋਂ ਨੰਗਲ, ਪੱਤਰਕਾਰ ਸੁੱਚਾ ਸਿੰਘ ਪਸਨਾਵਾਲ, ਮਨਦੀਪ ਸਿੰਘ ਵਿੱਕੀ, ਬਲਬੀਰ ਸਿੰਘ ਕੱਤੋਵਾਲ, ਜਸਬੀਰ ਸਿੰਘ ਕੱਤੋਵਾਲ, ਹਰਚਰਨ ਸਿੰਘ ਪਿੰਕਾ ਤੇ ਡਾ. ਗੁਰਚਰਨ ਸਿੰਘ ਗਾਂਧੀ ਆਦਿ ਸ਼ਾਮਲ ਸਨ |