ਚੰਡੀਗੜ੍ਹ (ਗੁਰਜੀਤ ਬਿੱਲਾ)-ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸੰਬੰਧੀ ਟੈਂਡਰ ਘੁਟਾਲੇ ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੋਮਵਾਰ ਉਸ ਵੇਲੇ ਗਿ੍ਫਤਾਰ ਕਰ ਲਿਆ ਗਿਆ, ਜਦੋਂ ਉਸ ਨੇ ਲੁਧਿਆਣਾ ਸਥਿਤ ਬਿਊਰੋ ਦੇ ਦਫਤਰ ਵਿਖੇ ਆਤਮ-ਸਮਰਪਣ ਕੀਤਾ | ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ ‘ਤੇ ਨਿੱਜੀ ਸਹਾਇਕ (ਪੀ ਏ) ਵਜੋਂ ਕੰਮ ਕਰਦਾ ਰਿਹਾ ਹੈ | ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ ਵਿੱਚ ਭਗੌੜਾ ਕਰਾਰ ਦੇ ਸਕਦੀ ਹੈ, ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਅਗਲੀ ਸੁਣਵਾਈ 4 ਜਨਵਰੀ ਨਿਰਧਾਰਤ ਕੀਤੀ ਗਈ ਸੀ | ਉਸ ਨੂੰ ਮੰਗਲਵਾਰ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |