ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਸਥਿਤ ਇੱਕ ਅੰਬ ਦੇ ਬਾਗ ‘ਚੋਂ ਸੋਮਵਾਰ ਬੰਬ ਮਿਲਣ ਨਾਲ ਚੰਡੀਗੜ੍ਹ ‘ਚ ਦਹਿਸ਼ਤ ਫੈਲ ਗਈੇ | ਨਵਾਂਗਾਓਾ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਅੰਬਾਂ ਦੇ ਬਾਗ਼ ‘ਚ ਬੰਬ ਮਿਲਣ ਦੀ ਸੂਚਨਾ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਦੇ ਪੁਲਸ ਵਿਭਾਗ ‘ਚ ਹਫੜਾਦਫੜੀ ਮਚ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤੇ ਹਰ ਇੱਕ ਆਉਣ-ਜਾਣ ਵਾਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ | ਸੂਚਨਾ ਮਿਲਦੇ ਸਾਰ ਹੀ ਚੰਡੀਗੜ੍ਹ ਅਤੇ ਮੁਹਾਲੀ ਪੁਲਸ ਮੌਕੇ ‘ਤੇ ਪਹੁੰਚ ਗਈ | ਦੱਸਿਆ ਜਾ ਰਿਹਾ ਕਿ ਅੰਬਾਂ ਦੇ ਬਾਗ਼ ਦੇ ਅੰਦਰ ਲੱਗੇ ਟਿਊਬਵੈੱਲ ਦੇ ਸੰਚਾਲਕ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਮਗਰੋਂ ਪੁਲਸ ਨੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ ‘ਤੇ ਸੱਦ ਲਿਆ | ਮੌਕੇ ‘ਤੇ ਭਾਰੀ ਗਿਣਤੀ ‘ਚ ਪੁਲਸ ਬਲ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਫੌਜ ਨੂੰ ਵੀ ਸੱਦ ਲਿਆ ਗਿਆ |
ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਸਥਿਤ ਹੈ | ਰਾਜਿੰਦਰ ਪਾਰਕ ‘ਚ ਅੰਬਾਂ ਦੇ ਬਾਗ਼ ਦੇ ਨਾਲ ਹੀ ਤਿੰਨ ਹੈਲੀਪੈਡ ਅਤੇ ਹੋਰ ਅੱਗੇ ਪੰਜਾਬ ਤੇ ਹਰਿਆਣਾ ਦੇ ਸਕੱਤਰੇਤ ਵੀ ਮੌਜੂਦ ਹਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੌਰਾਨ ਆਪਣੇ ਨਿਵਾਸ ‘ਤੇ ਨਹੀਂ ਸਨ | ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਰੱਖਿਆ ਬਲ ਜਾਂਚ ਕਰੇਗਾ ਕਿ ਬੰਬ ਕਿੱਥੋਂ ਇੱਥੇ ਆਇਆ ਅਤੇ ਪੁਲਸ ਪਤਾ ਲਗਾਏਗੀ ਕਿ ਇਹ ਇੱਥੇ ਕਿਸ ਤਰ੍ਹਾਂ ਪਹੁੰਚਿਆ | ਜਾਣਕਾਰੀ ਮੁਤਾਬਕ ਬੰਬ ਐਕਟਿਵ ਸੀ | ਬੰਬ ਨੂੰ ਪੂਰੀ ਸਾਵਧਾਨੀ ਨਾਲ ਫਾਈਬਰ ਦੇ ਡਰੰਮ ‘ਚ ਰੱਖ ਦਿੱਤਾ ਗਿਆ | ਉਥੇ ਹੀ ਇਸ ਦੇ ਚਾਰੇ ਪਾਸੇ ਰੇਤ ਦੇ ਬੈਗ ਰੱਖ ਦਿੱਤੇ ਗਏ | ਬੰਬ ਨੂੰ ਨਸ਼ਟ ਕਰਨ ਦੀ ਪ੍ਰਕਿ੍ਰਿਆ ਵੀ ਆਰੰਭ ਕਰ ਦਿੱਤੀ ਗਈ ਹੈ | ਡਿਜ਼ਾਸਟਰ ਮੈਨੇਜਮੈਂਟ ਚੰਡੀਗੜ੍ਹ ਦੇ ਨੋਡਲ ਅਧਿਕਾਰੀ ਸੰਜੀਵ ਕੋਹਲੀ ਨੇ ਕਿਹਾ ਕਿ ਇੱਥੋਂ ਇੱਕ ਬੰਬ ਬਰਾਮਦ ਕੀਤਾ ਗਿਆ | ਪੁਲਸ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਇਸ ਨੂੰ ਸੁਰੱਖਿਅਤ ਕਰ ਲਿਆ ਗਿਆ | ਫੌਜ ਦੀ ਇੱਕ ਟੀਮ ਨੂੰ ਬੁਲਾਇਆ ਗਿਆ ਹੈ | ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਇੱਥੇ ਕਿਸ ਤਰ੍ਹਾਂ ਆਇਆ | ਉੱਚ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ | ਉਥੇ ਹੀ ਪੁਲਸ ਵੱਲੋਂ ਲੋਕਾਂ ਨੂੰ ਬੰਬ ਵਾਲੀ ਜਗ੍ਹਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ |





