ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰ ਰੈਲੀ ਵਿਚ ਭਾਰਤ ਮਾਤਾ ਤੇ ਰਾਮ ਦੇ ਨਾਅਰੇ ਲੁਆਉਣ ਤੋਂ ਇਲਾਵਾ ਵਿਰੋਧੀ ਪਾਰਟੀਆਂ ‘ਤੇ ਪਰਵਾਰਵਾਦ ਦਾ ਦੋਸ਼ ਲਾਉਣ ਤੋਂ ਨਹੀਂ ਖੁੰਝਦੇ | ਜਿਸ ਰਾਜ ਵਿਚ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਗੱਠਜੋੜ ਹੁੰਦਾ ਹੈ, ਉਥੇ ਉਹ ਪਰਵਾਰਵਾਦ ਦਾ ਦੋਸ਼ ਭੁਲਾ ਦਿੰਦੇ ਹਨ, ਜਿਵੇਂ ਕਿ ਅਕਾਲੀ ਦਲ ਨਾਲ ਗੱਠਜੋੜ ਵੇਲੇ ਉਹ ਪੰਜਾਬ ਵਿਚ ਪਰਵਾਰਵਾਦ ਦੀ ਗੱਲ ਨਹੀਂ ਕਰਦੇ ਸਨ | ਪਿਛਲੇ ਦਿਨੀਂ ਕਰਨਾਟਕ ‘ਚ ਕੁਝ ਮਹੀਨਿਆਂ ਤੱਕ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ ਤੇ ਸ਼ਾਹ ਨੇ 30 ਦਸੰਬਰ ਨੂੰ ਕਰਨਾਟਕ ਦੌਰੇ ਦੌਰਾਨ ਕਾਂਗਰਸ ਤੇ ਜਨਤਾ ਦਲ (ਸੈਕੂਲਰ) ‘ਤੇ ਪਰਵਾਰਵਾਦੀ ਸਿਆਸਤ ਕਰਨ ਤੇ ਭਿ੍ਸ਼ਟ ਹੋਣ ਦੇ ਦੋਸ਼ ਲਾਏ ਸਨ | ਇਸ ਦੇ ਨਾਲ ਹੀ ਮਾਂਡਿਆ ਤੇ ਪੁਰਾਣੇ ਮੈਸੂਰ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਭਾਜਪਾ ਦੀ ਬਹੁਮਤ ਨਾਲ ਮੁੜ ਸਰਕਾਰ ਬਣਵਾਉਣ | ਉਨ੍ਹਾ ਇਹ ਵੀ ਕਿਹਾ ਸੀ ਕਿ ਜੇ ਜਨਤਾ ਦਲ (ਸੈਕੂਲਰ) ਜਿੱਤਦਾ ਹੈ ਤਾਂ ਕਰਨਾਟਕ ਇਸ ਦਾ ਏ ਟੀ ਐੱਮ ਬਣ ਜਾਏਗਾ | ਪੱਛਮੀ ਬੰਗਾਲ ਦੀਆਂ ਅਸੰਬਲੀ ਚੋਣਾਂ ਦੌਰਾਨ ਵੀ ਮੋਦੀ ਤੇ ਸ਼ਾਹ ਨੇ ਮਮਤਾ ਬੈਨਰਜੀ ਨੂੰ ਪਰਵਾਰਵਾਦੀ ਤੇ ਉਨ੍ਹਾ ਦੀ ਪਾਰਟੀ ਨੂੰ ਕਮਿਸ਼ਨਖੋਰ ਗਰਦਾਨਣ ਦਾ ਖੂਬ ਪ੍ਰਚਾਰ ਕੀਤਾ ਸੀ, ਪਰ ਪੱਛਮੀ ਬੰਗਾਲ ਦੇ ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ | ਮੋਦੀ ਤੇ ਸ਼ਾਹ ਵੱਲੋਂ ਸੂਬੇ ਵਿਚ ਸਾਲ-ਭਰ ਰੈਲੀਆਂ ਕਰਨ ਦਾ ਭਾਜਪਾ ਨੂੰ ਕੋਈ ਲਾਭ ਨਹੀਂ ਸੀ ਹੋਇਆ | ਇਹ ਠੀਕ ਹੈ ਕਿ ਪਰਵਾਰਵਾਦੀ ਪਾਰਟੀਆਂ ਨੂੰ ਅਜਿਹੇ ਦੋਸ਼ਾਂ ਦਾ ਜਵਾਬ ਦੇਣਾ ਔਖਾ ਹੁੰਦਾ ਹੈ, ਪਰ ਮੋਦੀ ਤੇ ਸ਼ਾਹ ਜਿਸ ਤਰ੍ਹਾਂ ਇਸ ਹਥਿਆਰ ਨੂੰ ਵਰਤਦੇ ਹਨ, ਉਸ ਦਾ ਹੁਣ ਉਨ੍ਹਾਂ ਦੀ ਭਾਸ਼ਾ ਵਿਚ ਹੀ ਜਨਤਾ ਦਲ (ਸੈਕੂਲਰ) ਦੇ ਆਗੂ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਠੋਕਵਾਂ ਜਵਾਬ ਦਿੱਤਾ ਹੈ | ਉਨ੍ਹਾ ਭਾਜਪਾ ਨੂੰ ਪਖੰਡੀ ਤੇ ਝੂਠੀ ਪਾਰਟੀ ਕਰਾਰ ਦਿੰਦਿਆਂ ਸ਼ਾਹ ਨੂੰ ਸਿਆਸੀ ਗਿਰਗਿਟ ਤੇ ਝੂਠ ‘ਤੇ ਝੂਠ ਬੋਲਣ ਵਾਲੇ ਨਾਜ਼ੀ ਪ੍ਰਚਾਰਕ ਜੋਸੇਫ ਗੋਏਬਲਜ਼ ਦਾ ਪੁਨਰ-ਜਨਮ ਗਰਦਾਨਿਆ ਹੈ | ਕਰਨਾਟਕ ਦੇ ਜਨਤਾ ਦਲ (ਸੈਕੂਲਰ) ਦਾ ਏ ਟੀ ਐੱਮ ਬਣਨ ਦੇ ਦੋਸ਼ ਦੇ ਜਵਾਬ ਵਿਚ ਉਨ੍ਹਾ ਕਿਹਾ ਹੈ ਕਿ ਜੇ ਉਨ੍ਹਾ ਦੀ ਸਰਕਾਰ ਬਣਦੀ ਹੈ ਤਾਂ ਉਹ ਕਰੋੜਾਂ ਕੰਨੜ ਲੋਕਾਂ, ਕਿਸਾਨਾਂ, ਮਜ਼ਦੂਰਾਂ ਤੇ ਸ਼ੋਸ਼ਤਾਂ ਦਾ ਏ ਟੀ ਐੱਮ ਹੋਵੇਗੀ | ਜਨਤਾ ਦਲ (ਸੈਕੂਲਰ) ਲੋਕਾਂ ਦਾ ਏ ਟੀ ਐੱਮ ਹੈ | ਉਸ ਲਈ ਏ ਟੀ ਐੱਮ ਮਾਨਵਤਾ ਹੈ, ਜਦਕਿ ਭਾਜਪਾ ਲਈ ਇਸ ਦਾ ਮਤਲਬ ਐਨੀ ਟਾਈਮ ਮੋਸਾ (ਧੋਖਾਧੜੀ) ਹੈ | ਭਾਜਪਾ ਨੇ ਝੂਠ ਨਾਲ ਦੇਸ਼ ਨੂੰ ਤਬਾਹੀ ਦੇ ਰਾਹ ਧੱਕ ਦਿੱਤਾ ਹੈ | ਕੁਮਾਰਸਵਾਮੀ ਨੇ ਸ਼ਾਹ ਦੇ ਬੇਟੇ ਤੇ ਸਭ ਤੋਂ ਅਮੀਰ ਖੇਡ ਜਥੇਬੰਦੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਦਾ ਨਾਂਅ ਲਏ ਬਿਨਾਂ ਸ਼ਾਹ ਤੋਂ ਪੁੱਛਿਆ ਹੈ ਕਿ ਕੀ ਤੁਸੀਂ ਆਪਣੀ ਪਾਰਟੀ ਵਿਚ ਪਰਵਾਰ ਦੀ ਸਿਆਸਤ ਦੀ ਸੀਮਾ ਤੋਂ ਵਾਕਫ ਨਹੀਂ ਹੋ? ਕੀ ਤੁਹਾਡਾ ਬੇਟਾ ਕੋਈ ਕ੍ਰਿਕਟ ਪੰਡਤ ਹੈ? ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਿਚ ਕਿਉਂ ਹੈ? ਕੀ ਤੁਹਾਡੇ ਬੇਟੇ ਦੀ ਸਥਿਤੀ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦੀ ਹੈ? ਹੁਣ ਦੱਸੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕਿਸ ਦਾ ਏ ਟੀ ਐੱਮ ਹੈ | ਕੁਮਾਰਸਵਾਮੀ ਨੇ ਇਹ ਵੀ ਕਿਹਾ ਹੈ ਕਿ ਹੁਣ ਕਰਨਾਟਕ ਦੀ ਭਾਜਪਾ ਸਰਕਾਰ 40 ਫੀਸਦੀ ਕਮਿਸ਼ਨ ਖਾਣ ਵਾਲੀ ਨਹੀਂ, ਸਗੋਂ 55-60 ਫੀਸਦੀ ਕਮਿ ਸ਼ਨ ਖਾਣ ਵਾਲੀ ਬਣ ਗਈ ਹੈ | ਕੀ ਕਰਨਾਟਕ ਭਾਜਪਾ ਦਾ ਏ ਟੀ ਐੱਮ ਨਹੀਂ ਹੈ? ਸੱਚ ਦੂਸ਼ਣਬਾਜ਼ੀ ਦੇ ਓਹਲੇ ਲੁਕਾਇਆ ਨਹੀਂ ਜਾ ਸਕਦਾ | ਇਹ ਪਹਿਲੀ ਵਾਰ ਹੈ ਕਿ ਪਰਵਾਰਵਾਦ ਦੇ ਨਾਂਅ ‘ਤੇ ਕੁਮਾਰਸਵਾਮੀ ਨੇ ਸ਼ਾਹ ਨੂੰ ਠੋਕਵਾਂ ਜਵਾਬ ਦਿੱਤਾ ਹੈ | ਕਾਂਗਰਸ ਵੀ ਅਜਿਹਾ ਠੋਕਵਾਂ ਜਵਾਬ ਦੇਵੇ ਤਾਂ ਮੋਦੀ ਤੇ ਸ਼ਾਹ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਸਿਰ ‘ਤੇ ਵੋਟਾਂ ਮੰਗਣ ਦੀ ਥਾਂ ਸਮਾਜ ਨੂੰ ਵੰਡਣ ਵਾਲੇ ਨਾਅਰੇ ਲੁਆਉਣ ਤੇ ਪਰਵਾਰਵਾਦ ਦੇ ਹਥਿਆਰ ਨੂੰ ਵਰਤਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਜਾਣਗੇ |





