ਸੰਗਰੂਰ (ਪ੍ਰਵੀਨ)
ਸੀ ਪੀ ਆਈ ਦੇ ਉੱਘੇ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਕਾਮਰੇਡ ਭਾਨ ਸਿੰਘ ਭੌਰਾ ਦੀ 18ਵੀਂ ਬਰਸੀ ਹਰਦੇਵ ਸਿੰਘ ਬਖਸ਼ੀਵਾਲਾ, ਮਨਿੰਦਰ ਧਾਲੀਵਾਲ ਤੇ ਰਣਜੀਤ ਸਿੰਘ ਬਿੰਝੋਕੀ ਦੀ ਅਗਵਾਈ ਵਿੱਚ ਸੁਤੰਤਰ ਭਵਨ ਵਿਖੇ ਸੀ ਪੀ ਆਈ ਜ਼ਿਲ੍ਹਾ ਸੰਗਰੂਰ ਵੱਲੋਂ ਮਨਾਈ ਗਈ | ਭਰਪੂਰ ਸਿੰਘ ਬੁਲਾਂਪੁਰ ਤੇ ਨਿਰਮਲ ਸਿੰਘ ਨੇ ਕਿਹਾ ਕਿ ਭਾਨ ਸਿੰਘ ਭੌਰਾ ਪੜ੍ਹਾਈ ਖਤਮ ਹੋਣ ਉਪਰੰਤ 1962 ਵਿੱਚ ਅੱੈਮ ਐੱਲ ਏ ਧੂਰੀ ਤੇ ਫਿਰ ਭਦੌੜ ਤੋਂ ਵਿਧਾਇਕ ਚੁਣੇ ਗਏ | ਇਸ ਉਪਰੰਤ ਪਾਰਟੀ ਵੱਲੋਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਗਈ ਤੇ ਦੋ ਵਾਰ ਭਾਨ ਸਿੰਘ ਭੌਰਾ ਨੇ ਪਾਰਲੀਮੈਂਟ ਵਿੱਚ ਪੰਜਾਬ ਤੇ ਲੋਕਾਂ ਦੇ ਮੁੱਦੇ ਉਠਾਏ | ਭਾਨ ਸਿੰਘ ਭੌਰਾ ਨੇ ਲੋਕ ਹਿੱਤਾਂ ਲਈ ਕੰਮ ਕਰਦਿਆਂ ਪਰਵਾਰਕ ਹਿੱਤਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਤੇ ਨਾ ਹੀ ਕੋਈ ਪ੍ਰਾਪਰਟੀ ਇੱਕਠੀ ਕਰਨ ਦੀ ਲਾਲਸਾ ਵਿੱਚ ਉਹ ਪਏ, ਸਗੋਂ ਲੋਕਾਂ ਤੇ ਪਾਰਟੀ ਦੇ ਹਿੱਤਾਂ ਲਈ ਹਮੇਸ਼ਾ ਲੜਦੇ ਰਹੇ | ਕਾਮਰੇਡ ਭੌਰਾ ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਆਗੂ ਵਜੋਂ ਸੇਵਾਵਾਂ ਨਿਭਾਉਂਦੇ ਰਹੇ | ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਮਜ਼ਦੂਰਾਂ ‘ਤੇ ਵੱਡੇ ਹਮਲੇ ਹੋ ਰਹੇ ਹਨ | ਆਰਥਕਾਂ ਨੀਤੀਆਂ ਕਾਰਪੋਰੇਟਾਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ | ਦੇਸ਼ ਦੇ ਕਿਰਤ ਕਾਨੂੰਨਾਂ ਬਦਲ ਕੇ 4 ਲੇਬਰ ਕੋਡਾਂ ਰਾਹੀਂ ਲੁਟਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ |
ਜਗਰੂਪ ਸਿੰਘ ਨੇ ਕਿਹਾ ਕਿ ਦੇਸ਼ ਅੰਦਰ 45 ਸਾਲਾਂ ਤੋਂ ਬਾਅਦ ਸਭ ਤੋਂ ਵੱਧ ਬੇਰੁਜ਼ਗਾਰੀ ਹੈ | ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ | ਰੁਜ਼ਗਾਰ ਦੇਣ ਦੀ ਥਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਮੋਦੀ ਰਾਜ ਵਿੱਚ ਫਿਰਕਾਪ੍ਰਸਤੀ ਦੇ ਏਜੰਡੇ ਨੂੰ ਉਭਾਰਿਆ ਜਾ ਰਿਹਾ ਹੈ, ਤਾਂ ਜੋ ਆਰਥਕ ਲੜਾਈ ਲੜਦੇ ਲੋਕਾਂ ਨੂੰ ਉਲਝਾਇਆ ਤੇ ਹਰਾਇਆ ਜਾ ਸਕੇ | ਉਹਨਾ ਕਿਹਾ ਕਿ ਦੇਸ਼ ਅੰਦਰ 1 ਪ੍ਰਤੀਸ਼ਤ ਅਬਾਦੀ ਕੋਲ 73 ਪ੍ਰਤੀਸ਼ਤ ਦੇ ਕਰੀਬ ਧਨ ਇਕੱਠਾ ਹੋਇਆ ਪਿਆ ਹੈ, ਮੱਧ ਵਰਗ ਆਰਥਕ ਤੌਰ ‘ਤੇ ਕਮਜ਼ੋਰ ਹੋ ਗਿਆ ਹੈ |
ਸੁਖਦੇਵ ਸ਼ਰਮਾ ਨੇ ਸੰਬੋਧਨ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਕਮਿਊਨਿਸਟ ਪਾਰਟੀ ਭਾਨ ਸਿੰਘ ਭੌਰਾ ਦੇ ਵਿਚਾਰਾਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਦਿ੍ੜ੍ਹ ਹੈ | ਕਾਮਰੇਡ ਭਾਨ ਸਿੰਘ ਭੌਰਾ ਦੀ ਧਰਮ ਪਤਨੀ ਡਾਕਟਰ ਕੁਸ਼ਲ ਭੌਰਾ ਪ੍ਰਧਾਨ ਪੰਜਾਬ ਇਸਤਰੀ ਸਭਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਲਈ ਬਨੇਗਾ ਦਾ ਕਾਨੂੰਨ ਬਣਾਏ ਬਗੈਰ ਬੇਰੁਜ਼ਗਾਰੀ ਦਾ ਹੱਲ ਨਹੀਂ ਹੋ ਸਕਦਾ | ਉਹਨਾ ਇਸ ਨੂੰ ਪਾਰਲੀਮੈਂਟ ਵਿੱਚ ਕਾਨੂੰਨ ਦੇ ਤੌਰ ‘ਤੇ ਪਾਸ ਕੀਤੇ ਜਾਣ ਦੀ ਮੰਗ ਕੀਤੀ | ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਕਸ਼ਮੀਰ ਸਿੰਘ ਗਦਾਈਆ ਤੇ ਜ਼ਿਲ੍ਹਾ ਸਕੱਤਰ ਨਵਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਤੇ ਵਿਦਿਆਰਥੀ ਲਗਾਤਾਰ ਆਪਣੇ ਹੱਕਾਂ ਲਈ ਸੁਚੇਤ ਹੋ ਕੇ ਰੁਜ਼ਗਾਰ ਦੀ ਲੜਾਈ ਲੜ ਰਹੇ ਹਨ | ਹੋਰਨਾਂ ਤੋਂ ਇਲਾਵਾ ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਰਣਜੀਤ ਸਿੰਘ ਕਲਿਆਣ, ਲੀਲੇ ਖਾਂ, ਰਣਜੀਤ ਸਿੰਘ ਬਿੰਝੋਕੀ, ਗੁਰਦਿਆਲ, ਕੁਲਦੀਪ ਸਿੰਘ ਘੋੜੇਨਬ ਨੇ ਕਾਮਰੇਡ ਭੌਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਸਮੇਂ ਕਰਮ ਸਿੰਘ ਜ਼ਖਮੀ, ਰਜਿੰਦਰ ਰਾਜਨ, ਸੀਤਾ ਰਾਮ ਸ਼ਰਮਾ, ਨਿਰੰਜਨ ਸਿੰਘ ਸੁਨਾਗਰਾ, ਜਗਦੇਵ ਸਿੰਘ ਬਾਹੀਆ, ਹਰਨੇਕ ਬਮਾਲ, ਚਮਕੌਰ ਮਹਾਲਾ, ਚੰਦ ਸਿੰਘ ਭਾਟੀਆ ਆਦਿ ਨੇ ਵੀ ਕਾਮਰੇਡ ਭੌਰਾ ਨੂੰ ਸ਼ਰਧਾਂਜਲੀ ਭੇਟ ਕੀਤੀ | ਸੀ ਪੀ ਆਈ ਦੀ ਜ਼ਿਲ੍ਹਾ ਇਕਾਈ ਵੱਲੋਂ ਬੀਬੀ ਕੁਸ਼ਲ ਭੌਰਾ ਦਾ ਸਨਮਾਨ ਕੀਤਾ ਗਿਆ | ਨਵਜੀਤ ਸਿੰਘ ਨੇ ਸਾਰੇ ਆਏ ਸਾਥੀਆਂ ਦਾ ਧੰਨਵਾਦ ਕੀਤਾ |




