ਨਵੀਂ ਦਿੱਲੀ : ਭਾਰਤ ਦੇ ਮੁੱਖ ਜਸਟਿਸ ਧੰਨਜੈ ਯਸ਼ਵੰਤ ਚੰਦਰਚੂੜ ਅਕਸਰ ਚਰਚਾ ‘ਚ ਰਹਿੰਦੇ ਹਨ | ਜਸਟਿਸ ਡੀ ਵੀ ਚੰਦਰਚੂੜ ਦੀਆਂ ਦੋਵੇਂ ਬੇਟੀਆਂ ਲਗਾਤਾਰ ਸ਼ਿਕਾਇਤ ਕਰ ਰਹੀਆਂ ਸਨ ਕਿ ਜਦ ਤੋਂ ਤੁਸੀਂ ਸੀ ਜੇ ਆਈ ਬਣੇ, ਸਾਨੂੰ ਬਿਲਕੁਲ ਵੀ ਟਾਇਮ ਨਹੀਂ ਦਿੰਦੇ | ਦੇਸ਼ ਭਰ ਤੋਂ ਗੰਭੀਰ ਮੁਕੱਦਮਿਆਂ ਨੂੰ ਨਿਪਟਾਉਣ ਵਾਲੇ ਜਸਟਿਸ ਚੰਦਰਚੂੜ ਆਪਣੀ ਬੇਟੀਆਂ ਦੀਆਂ ਸ਼ਿਕਾਇਤਾਂ ਦਾ ਹੀ ਹੱਲ ਨਹੀਂ ਕਰ ਪਾ ਰਹੇ | ਬੇਟੀਆਂ ਨੂੰ ਸਮਝਾਉਣ ਲਈ ਉਹ ਕਹਿੰਦੇ ਹੁਣ ਕੰਮ ਬਹੁਤ ਵਧ ਗਿਆ ਹੈ, ਇਸ ਲਈ ਸਮਾਂ ਨਹੀਂ ਮਿਲਦਾ, ਪਰ ਸ਼ਿਕਾਇਤਾਂ ਘਟ ਨਹੀਂ ਰਹੀਆਂ ਸਨ, ਇਸ ਲਈ ਚੰਦਰਚੂੜ ਦੋਵੇਂ ਬੇਟੀਆਂ ਮਾਹੀ ਅਤੇ ਪਿ੍ਯੰਕਾ ਨੂੰ ਨਾਲ ਲੈ ਕੇ ਆਪਣੇ ਦਫ਼ਤਰ ਪਹੁੰਚੇ | ਉਨ੍ਹਾਂ ਨੂੰ ਆਪਣਾ ਕੋਰਟ ਰੂਮ ਦਿਖਾਇਆ, ਉਹ ਸਥਾਨ ਵੀ ਦਿਖਾਇਆ, ਜਿੱਥੇ ਵਕੀਲ ਬਹਿਸ ਕਰਦੇ ਹਨ | ਉਨ੍ਹਾ ਆਪਣੀ ਬੇਟੀਆਂ ਨੂੰ ਕਾਰੀਡੋਰ ਅਤੇ ਲਾਇਬ੍ਰੇਰੀ ਵੀ ਦਿਖਾਈ | ਜਸਟਿਸ ਚੰਦਰਚੂੜ ਸਧਾਰਨ ਪਹਿਰਾਵੇ ‘ਚ ਸਨ | ਉਨ੍ਹਾ ਦੋਵਾਂ ਬੇਟੀਆਂ ਨੂੰ ਦਿਖਾਇਆ ਕਿ ਉਹ ਕਿੱਥੇ ਬੈਠ ਕੇ ਮੁਕੱਦਮਿਆਂ ਦੀ ਸੁਣਵਾਈ ਕਰਦੇ ਹਨ | ਜੱਜਾਂ ਦੇ ਬੈਠਣ ਵਾਲੀ ਜਗ੍ਹਾ ਦੇ ਸਾਹਮਣੇ ਫਾਇਲਾਂ ਅਤੇ ਇਲੈਕਟ੍ਰਾਨਿਕ ਟੇਬਸ ਫੜੀ ਵਕੀਲਾਂ ਦੀ ਭੀੜ ਦੇਖ ਕੇ ਬੇਟੀਆਂ ਦੰਗ ਰਹਿ ਗਈਆਂ | ਇਹ ਦੇਖ ਉਨ੍ਹਾਂ ਨੂੰ ਪਤਾ ਚੱਲਿਆ ਕਿ ਕੰਮ ਦਾ ਬੋਝ ਕਿੰਨਾ ਹੈ | ਚੰਦਰਚੂੜ 10 ਨਵੰਬਰ 2024 ਨੂੰ ਰਿਟਾਇਰ ਹੋ ਜਾਣਗੇ | ਜਸਟਿਸ ਚੰਦਰਚੂੜ ਅਤੇ ਉਨ੍ਹਾ ਦੀ ਪਤਨੀ ਕਲਪਨਾ ਨੇ ਦੋਵੇਂ ਬੇਟੀਆਂ ਗੋਦ ਲਈਆਂ ਹੋਈਆਂ ਹਨ |



