ਨਵੀਂ ਦਿੱਲੀ : ਰਾਜਧਾਨੀ ਦਿੱਲੀ-ਐੱਨ ਸੀ ਆਰ ‘ਚ ਲੋਕਾਂ ਦਾ ਠੰਢ ਨਾਲ ਬੁਰਾ ਹਾਲ ਹੈ | ਲੋਕਾਂ ਦੀ ਸ਼ਨੀਵਾਰ ਸਵੇਰ ਦੀ ਸ਼ੁਰੂਆਤ ਹੱਡ ਕੰਬਾਊ ਠੰਢ ਨਾਲ ਹੋਈ | ਦਿੱਲੀ ਰਿੱਜ ‘ਤੇ ਤਾਂ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਫਦਰਗੰਜ ‘ਚ ਘੱਟੋ-ਘੱਟ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਉਥੇ ਹੀ ਲੋਧੀ ਰੋਡ ‘ਚ 2 ਡਿਗਰੀ ਜਾ ਪਹੁੰਚਾ | ਰਾਜਸਥਾਨ ਦੇ ਚੁਰੂ ‘ਚ 0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ |
ਮੌਸਮ ਵਿਭਾਗ ਅਨੁਸਾਰ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਨੌਗੋਂਗ ‘ਚ ਘੱਟੋ-ਘੱਟ 0.5 ਡਿਗਰੀ ਸੈਲਸੀਅਸ ਦਰਜ ਕੀਤਾ ਕੀਤਾ ਗਿਆ | ਸੰਘਣੀ ਧੁੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ | ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ 36 ਟਰੇਨਾਂ ਇੱਕ ਤੋਂ ਸੱਤ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ | ਸ਼ਨੀਵਾਰ ਹੀ ਮੌਸਮ ਦੀ ਖਰਾਬੀ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 34 ਘਰੇਲੂ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ | ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ ਕੁਝ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਧੁੰਦ ਦੇ ਮੱਦੇਨਜਰ ਮੋਹਾਲੀ ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ 4 ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ | ਚੰਡੀਗੜ੍ਹ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅਗਲੇ 4 ਦਿਨਾਂ ਦੌਰਾਨ ਧੁੰਦ ਤੋਂ ਰਾਹਤ ਦੀ ਸੰਭਾਵਨਾ ਨਹੀਂ | ਔਸਤ ਤਾਪਮਾਨ ਵੀ ਇਸ ਦੌਰਾਨ 10 ਡਿਗਰੀ ਤੋਂ ਵੱਧ ਨਹੀਂ | ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 2-3 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ |



