ਪਠਾਨਕੋਟ (ਦਵਿੰਦਰ ਸਿੰਘ)
ਪਠਾਨਕੋਟ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੰਮੂ-ਕਸਮੀਰ ਤੋਂ ਆ ਰਹੇ ਇੱਕ ਟਰੱਕ ਵਿੱਚ ਛੁਪਾ ਕੇ ਰੱਖੀ 3.16 ਕੁਇੰਟਲ ਭੁੱਕੀ ਬਰਾਮਦ ਕਰਕੇ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਕਪੂਰਥਲਾ ਦੇ ਬੂਟ ਪਿੰਡ ਦੇ ਸਲਿੰਦਰ ਸਿੰਘ, ਮੋਗਾ ਦੇ ਪਿੰਡ ਦੌਲੇਵਾਲ ਦੇ ਬੋਹੜ ਸਿੰਘ ਵਜੋਂ ਹੋਈ ਹੈ |
ਸੀਨੀਅਰ ਕਪਤਾਨ ਪੁਲਸ (ਐੱਸ ਐੱਸ ਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਪੁਲਸ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਤਸਕਰਾਂ ਦੀਆਂ ਹਰਕਤਾਂ ‘ਤੇ ਚੌਕਸੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਜੰਮੂ ਅਤੇ ਕਸ਼ਮੀਰ ਤੋਂ ਪੰਜਾਬ ਰਾਜ ਤੱਕ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕਰਨ ਲਈ ਡੀ ਐੱਸ ਪੀ ਨਾਰਕੋਟਿਕ ਅਤੇ ਐੱਸ ਐੱਚ ਓ ਥਾਣਾ ਸੁਜਾਨਪੁਰ ਸਮੇਤ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਵਿਸ਼ੇਸ਼ ਟੀਮ ਨੇ ਸੂਹ ਮਿਲਣ ‘ਤੇ ਹਾਈਟੈੱਕ ਨਾਕਾ ਲਾਇਆ ਸੀ | ਐੱਸ ਐੱਸ ਪੀ ਖੱਖ ਨੇ ਦੱਸਿਆ ਕਿ ਪੁਲਸ ਨਾਕੇ ਦੌਰਾਨ ਸਟੇਸ਼ਨ ਹਾਊਸ ਅਫਸਰ ਸੁਜਾਨਪੁਰ ਦੀ ਅਗਵਾਈ ਵਾਲੀ ਟੀਮ ਨੇ ਰਜਿਸਟ੍ਰੇਸਨ ਨੰਬਰ (ਪੀ ਬੀ06 ਐੱਮ 2669) ਵਾਲੇ ਇੱਕ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲੈਣ ‘ਤੇ ਪੁਲਸ ਨੂੰ 16 ਬੋਰੀਆਂ ਬਰਾਮਦ ਹੋਈਆਂ ਹਨ, ਜਿਸ ਵਿਚ 3 ਕੁਇੰਟਲ ਅਤੇ 16 ਕਿਲੋਗ੍ਰਾਮ ਭੁੱਕੀ ਸੀ, ਜੋ ਕਿ ਵੱਖ-ਵੱਖ ਖੋਖਿਆਂ ਵਿਚ ਛੁਪਾਈ ਹੋਈ ਸੀ | ਸਿੱਟੇ ਵਜੋਂ ਦੋ ਵਿਅਕਤੀਆਂ ਵਿਰੁੱਧ ਥਾਣਾ ਸੁਜਾਨਪੁਰ, ਪਠਾਨਕੋਟ ਵਿਖੇ ਐੱਨ ਡੀ ਪੀ ਐੱਸ ਐਕਟ ਦੀ ਧਾਰਾ 15 ਦੇ ਤਹਿਤ ਤੁਰੰਤ ਐੱਫ ਆਈ ਆਰ ਦਰਜ ਕੀਤੀ ਗਈ ਹੈ | ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਭੁੱਕੀ ਟਰੱਕ ਵਿੱਚ ਛੁਪਾ ਕੇ ਰੱਖੀ ਗਈ ਸੀ | ਮੁਲਜ਼ਮ ਇਸ ਦੀ ਵਿਕਰੀ ਤੋਂ ਮੁਨਾਫਾ ਕਮਾਉਣ ਲਈ ਜੰਮੂ-ਕਸ਼ਮੀਰ ਤੋਂ ਭੁੱਕੀ ਲਿਆਂਏ ਸਨ |
ਇਸ ਤੋਂ ਪਹਿਲਾਂ ਪਠਾਨਕੋਟ ਪੁਲਸ ਨੇ ਸਮੁੱਚੀ ਸਪਲਾਈ ਲੜੀ ਨੂੰ ਭੰਗ ਕਰਨ ਲਈ ਜੰਮੂ ਅਤੇ ਕਸ਼ਮੀਰ ਜਾਣ ਵਾਲੇ ਟਰੱਕਾਂ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਕੀਤੀ ਹੈ | ਦੋਸ਼ੀਆਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ, ਜਿਸ ਤੋਂ ਹੋਰ ਸਬੂਤ ਸਾਹਮਣੇ ਆਉਣ ਦੀ ਉਮੀਦ ਹੈ |





