ਬਰਨਾਲਾ : ‘ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ‘ਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵੱਲੋਂ ਇਹ ਗੱਲ ਡਾਢੇ ਰੋਹ ਨਾਲ ਨੋਟ ਕੀਤੀ ਗਈ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਰੱਖੀਆਂ ਮੀਟਿੰਗਾਂ ‘ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ-ਵਾਰ ਟਾਲਾ ਵੱਟ ਰਹੇ ਹਨ | ਮੀਟਿੰਗ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਕੀਤੀ ਜਾ ਰਹੀ ਆਨਾਕਾਨੀ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਰਤੀਆਂ ਦੇ ਮਸਲੇ ਹੱਲ ਕਰਨ ਦੀ ਬਜਾਏ ਜਲ-ਜ਼ਮੀਨ, ਹਵਾ-ਚੌਗਿਰਦੇ ਨੂੰ ਪਲੀਤ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਸੱਦੇ ਦੇ ਰਿਹਾ ਹੈ |
ਮੀਟਿੰਗ ਵਿੱਚ ਹਾਜ਼ਰ ਸੂਬਾਈ ਆਗੂਆਂ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਮੁਜਰਮਾਨਾ ਅਣਗਹਿਲੀ ਅਤੇ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ 15 ਤੋਂ 31 ਜਨਵਰੀ ਤੱਕ ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਮੁਜ਼ਾਹਰੇ ਕਰਕੇ ਜ਼ੋਰਦਾਰ ਪਰਦਾ ਫਾਸ਼ ਮੁਹਿੰਮ ਚਲਾਈ ਜਾਵੇਗੀ | ਇਹ ਵੀ ਨਿਰਣਾ ਲਿਆ ਗਿਆ ਕਿ ‘ਮੁੱਖ ਮੰਤਰੀ ਹਾਜ਼ਰ ਹੋ’ ਦੇ ਨਾਅਰੇ ਤਹਿਤ 9-10 ਤੇ 11 ਫਰਵਰੀ ਨੂੰ ਮੁੱਖ ਮੰਤਰੀ ਦੀਆਂ ਵਾਅਦਾਖਿਲਾਫੀਆਂ ਵਿਰੁੱਧ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਵੱਲ ਵਿਸ਼ਾਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਤੋਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਮੀਟਿੰਗ ਦੇਣ ਦੀ ਮੰਗ ਕੀਤੀ ਜਾਵੇਗੀ | ਪੰਜਾਬ ਸਰਕਾਰ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ ਇਹ ਤੈਅ ਕੀਤਾ ਗਿਆ ਕੇ ਜੇ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦਾ ਨਾਂਹ-ਪੱਖੀ ਰਵੱਈਆ ਇਉਂ ਹੀ ਜਾਰੀ ਰਿਹਾ ਤਾਂ ਮਾਰਚ ਮਹੀਨੇ ‘ਚ ਪੱਕਾ ਮੋਰਚਾ ਲਾਇਆ ਜਾਵੇਗਾ | ਆਗੂਆਂ ਐਲਾਨ ਕੀਤਾ ਕਿ 700 ਰੁਪਏ ਮਨਰੇਗਾ ਦਿਹਾੜੀ ਕਰਵਾਉਣ, ਰਿਹਾਇਸ਼ੀ ਪਲਾਟ ਲੈਣ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਵਾਉਣ, ਪੱਕਾ ਰੁਜ਼ਗਾਰ ਲੈਣ, ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨਿਆਂ ‘ਚ ਵੰਡੇ ਜਾਣ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹਰ ਹਾਲਤ ਜਾਰੀ ਰੱਖਿਆ ਜਾਵੇਗਾ |
ਮੀਟਿੰਗ ਵਿੱਚ ਗੁਲਜ਼ਾਰ ਸਿੰਘ ਗੋਰੀਆ, ਦੇਵੀ ਕੁਮਾਰੀ ਸਰਹਾਲੀ ਕਲਾਂ, ਕਿ੍ਸ਼ਨ ਚੌਹਾਨ, ਜਗਰਾਜ ਸਿੰਘ ਰਾਮਾ (ਪੰਜਾਬ ਖੇਤ ਮਜ਼ਦੂਰ ਸਭਾ), ਗੁਰਨਾਮ ਸਿੰਘ ਦਾਊਦ, ਮਹੀਪਾਲ (ਦਿਹਾਤੀ ਮਜ਼ਦੂਰ ਸਭਾ), ਭਗਵੰਤ ਸਿੰਘ ਸਮਾਉਂ, ਮੱਖਣ ਸਿੰਘ ਰਾਮਗੜ੍ਹ (ਮਜ਼ਦੂਰ ਮੁਕਤੀ ਮੋਰਚਾ ਪੰਜਾਬ), ਕੁਲਵੰਤ ਸਿੰਘ ਸੇਲਬਰ੍ਹਾ, ਪ੍ਰਗਟ ਸਿੰਘ ਕਾਲਾਝਾੜ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ), ਅਵਤਾਰ ਸਿੰਘ ਤਾਰੀ (ਪੇਂਡੂ ਮਜ਼ਦੂਰ ਯੂਨੀਅਨ), ਪਰਮਜੀਤ ਕੌਰ ਲੌਂਗੋਵਾਲ (ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ), ਰਾਮ ਸਿੰਘ ਨੂਰਪੁਰੀ ਤੇ ਭੂਪ ਚੰਦ ਚੰਨੋ (ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ) ਸ਼ਾਮਲ ਹੋਏ |





