ਪਿੰਡਾਂ ‘ਚ ਸੀ ਪੀ ਆਈ ਦੀਆਂ ਬ੍ਰਾਂਚਾਂ ਬਣਾਈਆਂ ਜਾਣਗੀਆਂ : ਮਾੜੀਮੇਘਾ, ਅਲਗੋਂ

0
342

ਭਿੱਖੀਵਿੰਡ : ਭਿੱਖੀਵਿੰਡ ਬਲਾਕ ਦੇ ਹਰੇਕ ਪਿੰਡ ਵਿਚ ਇਕ ਸਾਲ ਦੇ ਅੰਦਰ ਸੀ ਪੀ ਆਈ ਦੀਆਂ ਬਰਾਂਚਾਂ ਬਣਾਉਣ ਦਾ ਫੈਸਲਾ ਏਰੀਆ ਕਮੇਟੀ ਦੀ ਮੀਟਿੰਗ ਵਿਚ ਹੋਇਆ, ਜਿਸ ਦੀ ਪ੍ਰਧਾਨਗੀ ਟਹਿਲ ਸਿੰਘ ਲੱਧੂ ਨੇ ਕੀਤੀ | ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਕਿਹਾ ਕਿ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਵਾਲਾ ਕਾਨੂੰਨ ਬਣਾਉਣ, ਨਰੇਗਾ ਕਾਮਿਆਂ ਨੂੰ ਕੰਮ ਦਿਵਾਉਣ ਲਈ ਪੁਲਸ ਪ੍ਰਸ਼ਾਸਨ ਅਤੇ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਵਿਰੁੱਧ ਭਿੱਖੀਵਿੰਡ ਬਲਾਕ ਦੇ ਪਿੰਡਾਂ ਵਿੱਚ ਜਾਗਰਤੀ ਮੁਹਿੰਮ ਦੌਰਾਨ ਹਰੇਕ ਪਿੰਡ ਵਿਚ ਸੀ ਪੀ ਆਈ ਦੀ ਬਰਾਂਚ ਇਕ ਸਾਲ ਦੇ ਅੰਦਰ-ਅੰਦਰ ਬਣਾ ਦਿੱਤੀ ਜਾਵੇਗੀ | ਆਗੂਆਂ ਕਿਹਾ ਕਿ ਮੋਦੀ ਦੀ ਕਮਾਂਡ ਹੇਠ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਜਿੱਥੇ ਮਹਿੰਗਾਈ ਨੇ ਲੋਕਾਂ ਦਾ ਜੀਵਨ ਦੁਖਦਾਇਕ ਬਣਾ ਦਿੱਤਾ ਹੈ, ਉੱਥੇ ਮੋਦੀ ਦੇ ਭਗਤ ਭਰਾ ਮਾਰੂ ਜੰਗ ਕਰਵਾਉਣ ਵਾਲੇ ਪਾਸੇ ਦਿਨੋਂ-ਦਿਨ ਵਧਦੇ ਜਾ ਰਹੇ ਹਨ | ਮੋਦੀ ਦੇ ਭਗਤ ਇਹ ਪ੍ਰਚਾਰ ਕਰ ਰਹੇ ਹਨ ਕਿ ਸਿਰਫ਼ ਹਿੰਦੁਸਤਾਨ ਵਿੱਚ ਹਿੰਦੂ ਲੋਕ ਹੀ ਰਹਿ ਸਕਦੇ ਹਨ, ਬਾਕੀ ਫਿਰਕਿਆਂ ਨੂੰ ਇਹ ਦੇਸ਼ ਛੱਡਣ ਵਾਸਤੇ ਮਜਬੂਰ ਕਰ ਦਿੱਤਾ ਜਾਵੇਗਾ | ਇਸ ਲਈ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਨਜ਼ਰ ਆ ਰਿਹਾ ਹੈ | ਇਹਨਾਂ ਹਾਲਤਾਂ ਨੂੰ ਭਾਂਪਦਿਆਂ ਪੰਜਾਬ ਵਿੱਚ ਕਮਿਊਨਿਸਟ ਪਾਰਟੀਆਂ ਨੇ ਸਰਬ-ਸਾਂਝਾ ਪਲੇਟਫਾਰਮ ਉਸਾਰ ਕੇ ਵਿਉਂਤਬੰਦ ਢੰਗ ਨਾਲ ਸੰਘਰਸ਼ ਆਰੰਭਿਆ ਹੋਇਆ ਹੈ | ਆਗੂਆਂ ਕਿਹਾ ਕਿ ਇੱਕ ਬੰਨੇ ਲੋਕ ਮਹਿੰਗਾਈ ਤੋਂ ਤ੍ਰਾਹ-ਤ੍ਰਾਹ ਕਰ ਰਹੇ ਹਨ, ਦੂਜੇ ਬੰਨੇ ਬੇਰੁਜ਼ਗਾਰੀ ਦੇ ਕਾਰਨ ਉਨ੍ਹਾਂ ਦੀਆਂ ਜੇਬਾਂ ਖਾਲੀ ਹਨ | ਪੰਜਾਬ ਦੀ ਸਰਕਾਰ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਾਸਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਹੈ, ਜਿਸ ਤਹਿਤ 18 ਸਾਲ ਦੀ ਉਮਰ ਤੋਂ ਹਰ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿੱਤਾ ਜਾਵੇ, ਭਾਵੇਂ ਉਹ ਪੜਿ੍ਹਆ ਹੈ ਜਾਂ ਅਨਪੜ੍ਹ, ਕਿਉਂਕਿ ਰੁਜ਼ਗਾਰ ਮਿਲਣ ਨਾਲ ਹੀ ਲੋਕਾਂ ਦੇ ਕੋਲ ਪੈਸਾ ਆਵੇਗਾ ਅਤੇ ਘਰਾਂ ਵਿੱਚ ਖੁਸ਼ਹਾਲੀ ਪਰਤੇਗੀ | ਉਹਨਾ ਕਿਹਾ ਕਿ ਨਰੇਗਾ ਦੇ ਕੰਮ ਵਿੱਚ ਬੜੀ ਵੱਡੇ ਪੱਧਰ ‘ਤੇ ਘਪਲੇਬਾਜ਼ੀ ਚੱਲ ਰਹੀ ਹੈ | ਕੋਈ ਵੀ ਸਰਕਾਰ ਪਿਛਲੇ ਸਮੇਂ ‘ਚ ਕਾਂਗਰਸ ਜਾਂ ਅਕਾਲੀ ਪਾਰਟੀ ਨੇ ਜਿਹੜੇ ਕੰਮ ਕਰਾਏ ਹਨ, ਉਸ ਦੀ ਪੜਤਾਲ ਨਹੀਂ ਕਰ ਰਹੇ | ਜੇ ਇਮਾਨਦਾਰੀ ਨਾਲ ਪੜਤਾਲ ਹੋ ਜਾਵੇ ਤਾਂ ਪਿੰਡਾਂ ਦੇ ਬਹੁਤੇ ਮੋਹਤਬਰ ਅਤੇ ਅਫਸਰਸ਼ਾਹੀ ਵੱਡੇ ਪੱਧਰ ‘ਤੇ ਇਸ ਘੁਟਾਲੇ ਵਿੱਚ ਫਸ ਜਾਵੇਗੀ | ਮੀਟਿੰਗ ਵਿੱਚ ਪੂਰਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਕਾਲਾ, ਸਰੋਜ ਮਲਹੋਤਰਾ, ਬਲਦੇਵ ਰਾਜ ਭਿੱਖੀਵਿੰਡ, ਜੈਮਲ ਸਿੰਘ, ਰਛਪਾਲ ਸਿੰਘ ਬਾਠ ਤੇ ਬਲਬੀਰ ਸਿੰਘ ਬੱਲੂ ਹਾਜ਼ਰ ਸਨ |

LEAVE A REPLY

Please enter your comment!
Please enter your name here