ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ 1, 2, 5, 10 ਅਤੇ 20 ਰੁਪਏ ਦੇ ਸਪੈਸ਼ਲ ਸਿੱਕੇ ਜਾਰੀ ਕੀਤੇ | ਨਵੇਂ ਜਾਰੀ ਕੀਤੇ ਗਏ ਸਿੱਕਿਆਂ ‘ਤੇ ਆਜ਼ਾਦੀ ਦੇ ‘ਅੰਮਿ੍ਤ ਮਹਾਂਉਤਸਵ’ ਦਾ ਲੋਗੋ ਹੋਵੇਗਾ ਅਤੇ ਇਸ ਦੇ ਨਾਲ ਇਨ੍ਹਾਂ ਸਿੱਕਿਆਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਨੇਤਰਹੀਣ ਲੋਕਾਂ ਵੱਲੋਂ ਸਮਝਿਆ ਜਾ ਸਕੇਗਾ |
ਮੋਦੀ ਨੇ ਨਵੇਂ ਸਿੱਕੇ ਇੱਕ ਸਮਾਰੋਹ ਦੇ ਸ਼ੁੱਭ ਆਰੰਭ ਮੌਕੇ ਜਾਰੀ ਕੀਤੇ | ਸਰਕਾਰ ਨੇ ਇਸ ਮੌਕੇ 20 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ | ਇਹ ਬਾਕੀ ਸਿੱਕਿਆਂ ਦੀ ਤਰ੍ਹਾਂ ਗੋਲ ਨਹੀਂ, ਬਲਕਿ ਪਾਲੀਗਨ ਹੈ | ਇਸ ਨੂੰ ਬਣਾਉਣ ਲਈ ਨਿਕਲ, ਸਿਲਵਰ ਅਤੇ ਬ੍ਰਾਸ ਦਾ ਉਪਯੋਗ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾ ‘ਜਨ ਸਮਰਥ’ ਪੋਰਟਲ ਦੀ ਸ਼ੁਰੂਆਤ ਵੀ ਕੀਤੀ, ਜਿਸ ਦਾ ਮੁੱਖ ਮਕਸਦ ਨਾਗਰਿਕਾਂ ਲਈ 12 ਸਰਕਾਰੀ ਯੋਜਨਾਵਾਂ ਨੂੰ ਇੱਕ ਮੰਚ ‘ਤੇ ਲਿਆ ਕੇ ਉਨ੍ਹਾਂ ਤੱਕ ਪਹੁੰਚ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਅਸਾਨ ਤੇ ਸਰਲ ਬਣਾਉਣਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਬੈਂਕਾਂ ਅਤੇ ਮੁਦਰਾ ਨੂੰ ਕੌਮਾਂਤਰੀ ਵਪਾਰ ਤੇ ਸਪਲਾਈ ਲੜੀ ਦਾ ਅਹਿਮ ਹਿੱਸਾ ਬਣਾਉਣ ਦੀ ਜ਼ਰੂਰਤ ਹੈ |





