ਨਵੀਂ ਦਿੱਲੀ : ਛੇ ਵਾਰ ਦੀ ਗ੍ਰੈਂਡ ਸਲੈਮ ਸਾਨੀਆ ਮਿਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ | ਉਨ੍ਹਾ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਦੁਬਈ ਟੈਨਿਸ ਚੈਂਪੀਅਨਸ਼ਿਪ ਮੁਕਾਬਲਾ ਉਨ੍ਹਾ ਦਾ ਆਖਰੀ ਟੂਰਨਾਮੈਂਟ ਹੋਵੇਗਾ | ਸਾਨੀਆ ਨੇ ਤਿੰਨ ਵਾਰ ਵੂਮੈਨ ਡਬਲਜ਼ ਦਾ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਡਬਲਜ਼ ਦਾ ਖਿਤਾਬ ਜਿੱਤਿਆ | ਉਹ ਇਸ ਮਹੀਨੇ ਆਸਟ੍ਰੇਲੀਆ ਓਪਨ ਦੇ ਡਬਲਜ਼ ‘ਚ ਖੇਡੇਗੀ | ਸਾਨੀਆ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਦੁਬਈ ਟੈਨਿਸ ਚੈਂਪੀਅਨਸ਼ਿਪ ‘ਚ ਖੇਡੇਗੀ | ਇਹ ਚੈਂਪੀਅਨਸ਼ਿਪ ਹੀ ਸਾਨੀਆ ਦੇ ਕੈਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ | ਇਹ ਟੈਨਿਸ ਚੈਂਪੀਅਨ ਦੁਬਈ ‘ਚ 19 ਫਰਵਰੀ ਨੂੰ ਹੋਵੇਗੀ | ਸਾਨੀਆ ਇਸ ਟੂਰਨਾਮੈਂਟ ‘ਚ ਆਖਰੀ ਵਾਰ ਖੇਡੇਗੀ | 36 ਸਾਲਾ ਸਾਨੀਆ ਡਬਲਜ਼ ‘ਚ ਵਰਲਡ ਨੰਬਰ 1 ਵੀ ਰਹਿ ਚੁੱਕੀ ਹੈ |
ਜ਼ਿਕਰਯੋਗ ਹੈ ਕਿ ਸਾਨੀਆ ਨੇ ਪਿਛਲੇ ਸਾਲ ਹੀ ਐਲਾਨ ਕੀਤਾ ਸੀ ਕਿ ਉਹ 2022 ਦੇ ਆਖਰ ‘ਚ ਸੰਨਿਆਸ ਲੈ ਲਵੇਗੀ | ਸਾਨੀਆ ਅਰਜੁਨ ਐਵਾਰਡ (2004), ਪਦਮਸ੍ਰੀ ਐਵਾਰਡ (2006), ਰਾਜੀਵ ਗਾਂਧੀ ਖੇਡ ਰਤਨ (2015) ਅਤੇ ਪਦਮ ਭੂਸ਼ਣ (2016) ਨਾਲ ਸਨਮਾਨਤ ਹੈ | ਸਾਨੀਆ ਨੇ ਹੁਣ ਤੱਕ 6 ਵੱਡੀਆਂ ਚੈਂਪੀਅਨਸ਼ਿਪ ‘ਚ ਤਮਗੇ ਜਿੱਤੇ |



