ਨਵੀਂ ਦਿੱਲੀ : ਏਅਰ ਇੰਡੀਆ ਦੀ ਫਲਾਇਟ ‘ਚ ਬਜ਼ੁਰਗ ਮਹਿਲਾ ਨਾਲ ਬਦਸਲੂਕੀ ਦੇ ਦੋਸ਼ੀ ਸੰਕਰ ਮਿਸ਼ਰਾ ਨੂੰ ਦਿੱਲੀ ਪੁਲਸ ਨੇ ਬੈਂਗਲੁਰੂ ਤੋਂ ਗਿ੍ਫ਼ਤਾਰ ਕਰਕੇ ਕੋਰਟ ‘ਚ ਪੇਸ਼ ਕੀਤਾ | ਜਿੱਥੋਂ ਕੋਰਟ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ | ਅਸਲ ‘ਚ ਇਹ ਘਟਨਾ ਦੇ ਜਨਤਕ ਹੋਣ ਤੋਂ ਬਾਅਦ ਉਹ ਫਰਾਰ ਸੀ ਅਤੇ ਉਸ ਨੂੰ ਲੱਭਣ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ | ਘਟਨਾ 26 ਨਵੰਬਰ 2022 ਨੂੰ ਵਾਪਰੀ, ਪਰ ਰਿਪੋਰਟ 4 ਜਨਵਰੀ 2023 ਨੂੰ ਦਰਜ ਕੀਤੀ ਗਈ ਸੀ | ਦੋਸ਼ ਹੈ ਕਿ 26 ਨਵੰਬਰ ਨੂੰ ਨਿਊ ਯਾਰਕ-ਦਿੱਲੀ ਏਅਰ ਇੰਡੀਆ ਦੀ ਉਡਾਣ-102 ‘ਤੇ ਨਸ਼ੇ ‘ਚ ਟੱਲੀ ਸ਼ੰਕਰ ਮਿਸ਼ਰਾ ਨੇ ਕਥਿਤ ਤੌਰ ‘ਤੇ ਆਪਣੀ ਪੈਂਟ ਉਤਾਰ ਦਿੱਤੀ ਅਤੇ ਬਿਜ਼ਨੈੱਸ ਕਲਾਸ ‘ਚ ਬੈਠੀ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ | ਬਾਅਦ ‘ਚ ਉਸ ਨੇ ਔਰਤ ਨੂੰ ਬੇਨਤੀ ਕੀਤੀ ਕਿ ਉਹ ਪੁਲਸ ਕੋਲ ਰਿਪੋਰਟ ਨਾ ਕਰੇ, ਇਸ ਦਾ ਉਸ ਦੀ ਪਤਨੀ ਅਤੇ ਬੱਚੇ ‘ਤੇ ਅਸਰ ਪਵੇਗਾ | ਮਿਸ਼ਰਾ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਮੁਵੱਕਲ ਨੇ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨਾਲ ਸੰਪਰਕ ਕੀਤਾ ਸੀ, ਉਸ ਨੇ ਆਪਣੇ ਕੀਤੇ ਲਈ ਮੁਆਫੀ ਮੰਗੀ ਸੀ | ਇੱਥੋਂ ਤੱਕ ਕਿ ਔਰਤ ਨੂੰ 15,000 ਰੁਪਏ ਮੁਆਵਜ਼ੇ ਵਜੋਂ ਦਿੱਤੇ ਅਤੇ ਉਸ ਦਾ ਸਾਮਾਨ ਸਾਫ ਕਰਵਾ ਦਿੱਤਾ | ਮਹਿਲਾ ਦੀ ਧੀ ਨੇ ਕਥਿਤ ਤੌਰ ‘ਤੇ ਇਕ ਮਹੀਨੇ ਬਾਅਦ ਇਹ ਕਹਿ ਕੇ ਪੈਸੇ ਵਾਪਸ ਕਰ ਦਿੱਤੇ ਕਿ ਉਹ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ | ਦਿੱਲੀ ਪੁਲਸ ਨੇ ਇਸ ਮਾਮਲੇ ‘ਚ 4 ਜਨਵਰੀ ਨੂੰ ਐੱਫ ਆਈ ਆਰ ਦਰਜ ਕੀਤੀ ਸੀ | ਉਸ ਨੇ ਮੁਲਜ਼ਮ ਨੂੰ ਗਿ੍ਫਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਸਨ, ਜੋ ਮੁੰਬਈ ਅਤੇ ਬੈਂਗਲੁਰੂ ਵਿੱਚ ਉਸ ਦਾ ਪਤਾ ਲਾ ਰਹੀਆਂ ਸਨ | ਸ਼ੰਕਰ ਮਿਸਰਾ ਦੇ ਵਕੀਲ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ‘ਚ ਹੋਈ ਇਸ ਗਲਤੀ ਤੋਂ ਬਾਅਦ ਸ਼ੰਕਰ ਨੇ ਔਰਤ ਨਾਲ ਗੱਲ ਕਰਕੇ ਸਾਰੀ ਗੱਲ ਸਾਫ ਕਰ ਦਿੱਤੀ ਸੀ | ਦੋਵਾਂ ਧਿਰਾਂ ਵਿਚਾਲੇ ਸਮਝੌਤਾ ਵੀ ਹੋ ਗਿਆ ਸੀ, ਪਰ ਹੁਣ ਇਸ ਮਾਮਲੇ ਨੂੰ ਨਵਾਂ ਮੋੜ ਦਿੱਤਾ ਜਾ ਰਿਹਾ ਹੈ |



