ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾ ਦਾ ਕਹਿਣਾ ਹੈ ਕਿ ਉਨ੍ਹਾ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ | ਸਰਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ | ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਰਹਿਣਗੇ | ਸਰਾਰੀ ‘ਤੇ ਤਿੰਨ ਮਹੀਨੇ ਪਹਿਲਾਂ ਭਿ੍ਸ਼ਟਾਚਾਰ ਦੇ ਦੋਸ਼ ਲੱਗੇ ਸਨ | ਉਨ੍ਹਾ ਦੀ ਪੈਸਿਆਂ ਦੀ ਸੈਟਿੰਗ ਕਰਦੇ ਹੋਏ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪਾਰਟੀ ਪੱਧਰ ‘ਤੇ ਉਨ੍ਹਾ ਤੋਂ ਜਵਾਬ ਮੰਗਿਆ ਗਿਆ ਸੀ | ਸਰਾਰੀ ਦੇ ਮੁੱਦੇ ‘ਤੇ ਅਕਾਲੀ ਦਲ ਨੇ ਵੀ ਸਰਕਾਰ ਨੂੰ ਘੇਰ ਰੱਖਿਆ ਸੀ | ਫੌਜਾ ਸਿੰਘ ਨੇ ਅਸਤੀਫ਼ੇ ਦੇ ਨਾਲ ਹੀ ਕਿਹਾ ਕਿ ਉਹ ਪਾਰਟੀ ਦੇ ਵਫ਼ਦਾਰ ਸਿਪਾਹੀ ਹਨ ਅਤੇ ਰਹਿਣਗੇ | ਫੌਜਾ ਸਿੰਘ ਨੂੰ ਪੰਜਾਬ ਕੈਬਨਿਟ ਦੇ ਵਿਸਥਾਰ ਦੇ ਨਾਲ ਹੀ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਸੀ | ਉਨ੍ਹਾ ਕੋਲ ਖੁਰਾਕ ਅਤੇ ਬਾਗਬਾਨੀ ਮੰਤਰਾਲਾ ਸੀ, ਪਰ ਸਤੰਬਰ ‘ਚ ਉਨ੍ਹਾ ਦਾ ਇੱਕ ਆਡੀਓ ਕਲਿਪ ਵਾਇਰਲ ਹੋ ਗਿਆ | ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਮਨ ਦੇ ਦੌਰੇ ‘ਤੇ ਸਨ | ਵਾਪਸ ਆਉਣ ਤੋਂ ਬਾਅਦ ਸਰਾਰੀ ਨੂੰ ਨੋਟਿਸ ਭੇਜਿਆ ਗਿਆ ਸੀ | ਸਰਾਰੀ ਨੇ ਕਿਹਾ ਸੀ ਕਿ ਵਿਰੋਧੀਆਂ ਨੇ ਉਨ੍ਹਾ ਨੂੰ ਬਦਨਾਮ ਕਰਨ ਲਈ ਇੱਕ ਸਾਜ਼ਿਸ਼ ਦੇ ਤਹਿਤ ਇਹ ਆਡੀਓ ਤਿਆਰ ਕਰਕੇ ਸੋਸ਼ਲ ਮੀਡੀਆ ‘ਤੇ ਪਾਈ, ਜਿਸ ‘ਚ ਕੋਈ ਸੱਚਾਈ ਨਹੀਂ, ਪਰ ਵਿਰੋਧੀਆਂ ਨੇ ਉਸ ਸਮੇਂ ਵੀ ਅਸਤੀਫ਼ੇ ਦੀ ਮੰਗ ਕੀਤੀ ਸੀ | ਫੌਜਾ ਸਿੰਘ ਸਰਾਰੀ ਪੰਜਾਬ ਪੁਲਸ ਦੇ ਰਿਟਾਇਰਡ ਇੰਸਪੈਕਟਰ ਹਨ | ]
ਉਨ੍ਹਾ ਪਹਿਲੀ ਵਾਰ ਹੀ ਚੋਣ ਲੜੀ ਅਤੇ ਬਾਰਡਰ ਏਰੀਆ ਫਿਰੋਜ਼ਪੁਰ ਦੇ ਗੁਰੂ ਹਰਸਹਾਏ ਤੋਂ ਵਿਧਾਇਕ ਬਣੇ | ਸਰਾਰੀ ਪੰਜਾਬ ਦੀ ਆਪ ਸਰਕਾਰ ‘ਚ ਮੰਤਰੀ ਅਹੁਦਾ ਗਵਾਉਣ ਵਾਲੇ ਦੂਜੇ ਮੰਤਰੀ ਹਨ | ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਬਰਖਾਸਤ ਕੀਤਾ ਗਿਆ ਸੀ | ਸਿੰਗਲਾ ‘ਤੇ ਵਿਭਾਗ ਦੇ ਟੈਂਡਰ ‘ਚ ਕਮਿਸ਼ਨ ਲੈਣ ਦੇ ਦੋਸ਼ ਲੱਗੇ ਸਨ | ਸਿੰਗਲਾ ਨੂੰ ਜੇਲ੍ਹ ਵੀ ਰਹਿਣਾ ਪਿਆ ਸੀ | ਹਾਲਾਂਕਿ ਸਿੰਗਲਾ ਨੂੰ ਆਮ ਆਦਮੀ ਪਾਰਟੀ ‘ਚੋਂ ਬਰਖਾਸਤ ਨਹੀਂ ਕੀਤਾ ਗਿਆ |





