ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ | ਰਾਜਪਾਲ ਰਾਜੇਂਦਰ ਵਿਸ਼ਵਾਨਾਥ ਨੇ ਰਾਜ ਭਵਨ ਵਿਚ ਸੱਤ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ | ਰਿਟਾਇਰਡ ਕਰਨਲ ਧਨੀ ਰਾਮ ਸ਼ਾਂਡਿਲ (82) ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ | ਉਨ੍ਹਾ ਤੋਂ ਇਲਾਵਾ ਹਰਸ਼ਵਰਧਨ ਚੌਹਾਨ, ਜਗਤ ਸਿੰਘ ਨੇਗੀ, ਰੋਹਿਤ ਠਾਕੁਰ, ਚੰਦਰ ਕੁਮਾਰ, ਵਿਕਰਮਦਿੱਤਿਆ ਸਿੰਘ ਤੇ ਅਨਿਰੁਧ ਸਿੰਘ ਕੈਬਨਿਟ ਮੰਤਰੀ ਬਣੇ ਹਨ | ਵਿਕਰਮਦਿੱਤਿਆ (32) ਮਰਹੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਹਨ | ਉਨ੍ਹਾ ਦੀ ਮਾਤਾ ਪ੍ਰਤਿਭਾ ਸਿੰਘ ਸੂਬਾ ਕਾਂਗਰਸ ਦੀ ਪ੍ਰਧਾਨ ਹੈ | ਸ਼ਿਮਲਾ ਜ਼ਿਲੇ੍ਹ ਵਿਚ ਕਾਂਗਰਸ ਨੇ 8 ਵਿੱਚੋਂ 7 ਸੀਟਾਂ ਜਿੱਤੀਆਂ ਸਨ ਤੇ ਉਥੋਂ ਤਿੰਨ ਮੰਤਰੀ (ਵਿਕਰਮਦਿੱਤਿਆ, ਰੋਹਿਤ ਤੇ ਅਨਿਰੁਧ) ਲਏ ਗਏ ਹਨ | ਕਾਂਗੜਾ ਵਿਚ ਕਾਂਗਰਸ ਨੇ 15 ਵਿੱਚੋਂ 10 ਸੀਟਾਂ ਜਿੱਤੀਆਂ ਸਨ ਤੇ ਉਥੋਂ ਇਕ ਮੰਤਰੀ ਚੰਦਰ ਕੁਮਾਰ ਲਏ ਗਏ ਹਨ | ਨੇਗੀ ਕਨੌਰ, ਸ਼ਾਂਡਿਲ ਸੋਲਨ ਤੇ ਹਰਸ਼ਵਰਧਨ ਸਿਰਮੌਰ ਤੋਂ ਹਨ | ਮੁੱਖ ਮੰਤਰੀ ਹਮੀਰਪੁਰ ਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਊਨਾ ਜ਼ਿਲ੍ਹੇ ਤੋਂ ਹਨ | ਪੰਜ ਜ਼ਿਲਿ੍ਹਆਂ ਵਿੱਚੋਂ ਮੰਤਰੀ ਨਹੀਂ ਬਣਿਆ ਹੈ | ਕੈਬਨਿਟ ਵਿਚ ਚਾਰ ਰਾਜਪੂਤ (ਵਿਕਰਮਦਿੱਤਿਆ, ਅਨਿਰੁਧ ਸਿੰਘ, ਹਰਸ਼ਵਰਧਨ ਤੇ ਰੋਹਿਤ ਠਾਕੁਰ), ਇਕ ਅਦਰ ਬੈਕਵਰਡ ਕਲਾਸ (ਚੰਦਰ ਕੁਮਾਰ), ਇਕ ਐੱਸ ਸੀ (ਧਨੀ ਰਾਮ ਸ਼ਾਂਡਿਲ) ਤੇ ਇਕ ਐੱਸ ਟੀ (ਜਗਤ ਸਿੰਘ ਨੇਗੀ) ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 6 ਮੁੱਖ ਸੰਸਦੀ ਸਕੱਤਰਾਂ ਨੂੰ ਵੀ ਸਹੁੰ ਚੁਕਾਈ | ਇਹ ਹਨ—ਸੁੰਦਰ ਸਿੰਘ ਠਾਕੁਰ, ਮੋਹਨ ਲਾਲ ਬਰਾਕਟਾ, ਰਾਮ ਕੁਮਾਰ ਚੌਧਰੀ, ਆਸ਼ੀਸ਼ ਬੁਟੈਲ, ਕਿਸ਼ੋਰੀ ਲਾਲ ਤੇ ਸੰਜੇ ਅਵਸਥੀ | ਸਹੁੰ ਚੁੱਕ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੀ ਮੌਜੂਦ ਸਨ |





