ਅਮਰੀਕਾ ਦੁਨੀਆ ਨੂੰ ਹਮੇਸ਼ਾ ਮਨੁੱਖੀ ਅਧਿਕਾਰਾਂ ਦਾ ਸਬਕ ਪੜ੍ਹਾਉਂਦਾ ਰਹਿੰਦਾ ਹੈ, ਪਰ ਖੁਦ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਿੱਚ ਸਭ ਨਾਲੋਂ ਅੱਗੇ ਲੰਘਦਾ ਜਾ ਰਿਹਾ ਹੈ | ਇਸ ਸਾਲ ਜਾਰੀ ਇੱਕ ਰਿਪੋਰਟ ਅਨੁਸਾਰ 2022 ਦੌਰਾਨ ਅਮਰੀਕਾ ਵਿੱਚ ਪੁਲਸ ਵੱਲੋਂ 1176 ਲੋਕਾਂ ਦੀ ਹੱਤਿਆ ਕੀਤੀ ਗਈ ਹੈ | ਇਹ ਗਿਣਤੀ 2013 ਤੋਂ ਬਾਅਦ ਸਭ ਤੋਂ ਵੱਧ ਹੈ |
‘ਮੈਪਿੰਗ ਪੁਲਸ ਵਾਇਲੈਂਸ’ ਨਾਮੀ ਗੈਰ-ਸਰਕਾਰੀ ਸੰਸਥਾ ਹਰ ਸਾਲ ਪੁਲਸ ਵੱਲੋਂ ਮਾਰੇ ਗਏ ਨਾਗਰਿਕਾਂ ਦੇ ਅੰਕੜੇ ਜਾਰੀ ਕਰਦੀ ਹੈ | ਇਹ ਸੰਸਥਾ ਵਕੀਲਾਂ ਵੱਲੋਂ ਬਣਾਈ ਗਈ ਹੈ | ਸੰਸਥਾ ਅਨੁਸਾਰ ਅਸਲ ਹੱਤਿਆਵਾਂ ਉਨ੍ਹਾਂ ਵੱਲੋਂ ਪੇਸ਼ ਅੰਕੜਿਆਂ ਤੋਂ ਕਈ ਗੁਣਾ ਵੱਧ ਹੋ ਸਕਦੀਆਂ ਹਨ, ਕਿਉਂਕਿ ਪੁਲਸ ਵਿਭਾਗ ਕਈ ਮਾਮਲਿਆਂ ਨੂੰ ਛੁਪਾ ਲੈਂਦਾ ਹੈ | ਉਹ ਇਨ੍ਹਾਂ ਨੂੰ ਮੁਕਾਬਲੇ ਦੱਸ ਕੇ ਆਪਣੇ ਆਪ ਨੂੰ ਬਰੀ ਕਰ ਲੈਂਦਾ ਹੈ |
2022 ਵਿਚਲੀਆਂ ਹੱਤਿਆਵਾਂ ਦਾ ਹਿਸਾਬ ਕੀਤਾ ਜਾਵੇ ਤਾਂ ਪੁਲਸ ਨੇ ਹਰ ਮਹੀਨੇ 100, ਜੋ ਹਰ ਦਿਨ 3 ਤੋਂ ਵੱਧ ਬਣਦੀਆਂ ਹਨ, ਹੱਤਿਆਵਾਂ ਕੀਤੀਆਂ ਹਨ | ਯਾਦ ਹੋਵੇਗਾ ਕਿ 2020 ਵਿੱਚ ਪੁਲਸ ਦੁਆਰਾ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਅਮਰੀਕਾ ਵਿੱਚ ‘ਬਲੈਕ ਲਾਈਵ ਮੈਟਰ’ ਨਾਂਅ ਦਾ ਸ਼ਕਤੀਸ਼ਾਲੀ ਅੰਦੋਲਨ ਖੜ੍ਹਾ ਹੋਇਆ ਸੀ, ਜਿਸ ਨੂੰ ਸਾਰੀ ਦੁਨੀਆਂ ਤੋਂ ਸਮੱਰਥਨ ਮਿਲਿਆ ਸੀ | ਇਸ ਤੋਂ ਬਾਅਦ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਹਾਰੇ ਤੇ ਬਾਇਡੇਨ ਸੱਤਾ ਵਿੱਚ ਆਏ, ਪਰ ਪੁਲਸ ਦਾ ਰਵੱਈਆ ਪਹਿਲਾਂ ਤੋਂ ਵੀ ਬੇਰਹਿਮ ਹੋ ਗਿਆ ਹੈ |
ਪੁਲਸ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਦੇ ਅੰਕੜੇ ਉੱਥੋਂ ਦੇ ਨਾਮਣੇ ਵਾਲੇ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਵੀ ਜਾਰੀ ਕੀਤੇ ਹਨ | ਅਖ਼ਬਾਰ ਮੁਤਾਬਕ ਪੁਲਸ ਵੱਲੋਂ ਔਸਤਨ ਹਰ ਸਾਲ 1000 ਦੇ ਕਰੀਬ ਆਦਮੀ ਮਾਰ ਦਿੱਤੇ ਜਾਂਦੇ ਹਨ | ਇਸ ਅਨੁਸਾਰ 2015 ਤੋਂ ਲੈ ਕੇ ਹੁਣ ਤੱਕ 8102 ਵਿਅਕਤੀਆਂ ਦੀ ਪੁਲਸ ਵੱਲੋਂ ਹੱਤਿਆ ਕੀਤੀ ਜਾ ਚੁੱਕੀ ਹੈ | ‘ਵਾਸ਼ਿੰਗਟਨ ਪੋਸਟ’ ਅਨੁਸਾਰ ਉਨ੍ਹਾਂ ਦੇ ਇਹ ਅੰਕੜੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ ਰਿਪੋਰਟਾਂ ਉੱਤੇ ਅਧਾਰਤ ਹਨ | ਉਸਨੇ ਇਹ ਵੀ ਦੱਸਿਆ ਹੈ ਕਿ ਐੱਫ਼ ਬੀ ਆਈ ਨੂੰ ਅਸਲ ਹੱਤਿਆਵਾਂ ਵਿੱਚੋਂ ਸਿਰਫ਼ ਇੱਕ-ਤਿਹਾਈ ਦੀ ਹੀ ਜਾਣਕਾਰੀ ਮਿਲਦੀ ਹੈ | ਇਸ ਦਾ ਭਾਵ ਹੈ ਕਿ ਪੁਲਸ ਵੱਲੋਂ ਕੀਤੀਆਂ ਹੱਤਿਆਵਾਂ ਦਾ ਅਸਲ ਅੰਕੜਾ ਬਹੁਤ ਵੱਧ ਹੁੰਦਾ ਹੈ |
ਅਖ਼ਬਾਰ ਮੁਤਾਬਕ ਪੁਲਸ ਵੱਲੋਂ ਕੀਤੀਆਂ ਗਈਆਂ ਹੱਤਿਆਵਾਂ ਵਿੱਚ ਸਭ ਤੋਂ ਵੱਧ ਗਿਣਤੀ ਕਾਲੇ ਲੋਕਾਂ ਦੀ ਹੁੰਦੀ, ਜਿਨ੍ਹਾਂ ਦੀ ਅਬਾਦੀ ਸਿਰਫ਼ 14 ਫ਼ੀਸਦੀ ਹੈ | ਇਸ ਅੰਕੜੇ ਮੁਤਾਬਕ ਪੁਲਸ ਦਾ ਸ਼ਿਕਾਰ ਹੋਣ ਵਾਲੇ ਕਾਲੇ ਲੋਕ 10 ਲੱਖ ਦੀ ਅਬਾਦੀ ਪਿੱਛੇ 5.9, ਭੂਰੇ 2.6 ਤੇ ਗੋਰੇ 2.3 ਹੁੰਦੇ ਹਨ | ਪੁਲਸ ਵੱਲੋਂ ਮਾਰੇ ਜਾਂਦੇ ਵਿਅਕਤੀਆਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ |
ਮੈਪਿੰਗ ਪੁਲਸ ਵਾਇਲੈਂਸ ਮੁਤਾਬਕ ਪੁਲਸ ਅਜਿਹੀਆਂ ਹੱਤਿਆਵਾਂ ਨੂੰ ਆਮ ਮੁੱਠਭੇੜ ਵਜੋਂ ਦਰਜ ਕਰਦੀ ਹੈ, ਪਰ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਪੁਲਸ ਝੂਠੀ ਹੈ | ਇਸ ਸਾਲ ਮਾਰੇ ਗਏ ਲੋਕਾਂ ਵਿੱਚੋਂ 11 ਫ਼ੀਸਦੀ ਨੇ ਕੋਈ ਅਪਰਾਧ ਨਹੀਂ ਕੀਤਾ ਸੀ, 9 ਫ਼ੀਸਦੀ ਮਾਨਸਿਕ ਰੋਗੀ ਸਨ, 8 ਫ਼ੀਸਦੀ ਨੇ ਸਿਰਫ਼ ਟਰੈਫਿਕ ਨਿਯਮ ਤੋੜੇ ਸਨ, 18 ਫ਼ੀਸਦੀ ਹਿੰਸਕ ਨਹੀਂ ਸਨ, 8 ਫੀਸਦੀ ਘਰੇਲੂ ਝਗੜੇ ਕਾਰਨ ਪ੍ਰੇਸ਼ਾਨ ਸਨ ਤੇ 11 ਫ਼ੀਸਦੀ ਕੋਲ ਕੋਈ ਹਥਿਆਰ ਨਹੀਂ ਸੀ | ਇਸ ਦਾ ਮਤਲਬ ਹੈ ਕਿ ਇਹ 65 ਫ਼ੀਸਦੀ ਬੇਕਸੂਰ ਲੋਕ ਮਾਰੇ ਗਏ ਸਨ | ਇਸ ਰਿਪੋਰਟ ਵਿੱਚ ਵੀ ਕਾਲੇ ਲੋਕਾਂ ਦੀਆਂ ਹੱਤਿਆਵਾਂ ਦਾ ਵਰਨਣ ਹੈ | ਸਾਲ 2013 ਤੋਂ 22 ਦਰਮਿਆਨ ਪੁਲਸ ਵੱਲੋਂ ਮਾਰੇ ਗਏ ਵਿਅਕਤੀਆਂ ਵਿੱਚੋਂ 24 ਫ਼ੀਸਦੀ ਕਾਲੇ ਸਨ | ਅਮਰੀਕਾ ਵਿੱਚ ਸਰਕਾਰ ਤੇ ਆਮ ਲੋਕਾਂ ਵਿੱਚ ਬੰਦੂਕ ਸੱਭਿਆਚਾਰ ਦੀ ਤਾਂ ਖ਼ੂਬ ਚਰਚਾ ਹੁੰਦੀ ਹੈ, ਪਰ ਪੁਲਸ ਰਾਹੀਂ ਕੀਤੀਆਂ ਜਾਂਦੀਆਂ ਇਨ੍ਹਾਂ ਹੱਤਿਆਵਾਂ ਉੱਤੇ ਚੁੱਪ ਵੱਟ ਲਈ ਜਾਂਦੀ ਹੈ |
ਅਸਲ ਵਿੱਚ ਦੁਨੀਆ ਭਰ ਵਿੱਚ ਫਾਸ਼ੀਵਾਦੀ ਹਾਕਮਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਰਾਜ ਨੂੰ ਪੁਲਸ ਰਾਜ ਵਿੱਚ ਬਦਲਣ ਦੀ ਗਿਣੀ-ਮਿੱਥੀ ਕੋਸ਼ਿਸ਼ ਹੋ ਰਹੀ ਹੈ | ਸਾਡੇ ਆਪਣੇ ਦੇਸ਼ ਵਿੱਚ ਵੀ ਇਸ ਤੋਂ ਵੱਖਰਾ ਹਾਲ ਨਹੀਂ ਹੈ | ਇੱਥੇ ਰੰਗ-ਭੇਦ ਦੀ ਥਾਂ ਜਾਤੀ-ਭੇਦ ਤੇ ਧਰਮ-ਭੇਦ ਨੂੰ ਮੁੱਖ ਰੱਖ ਕੇ ਨਿਸ਼ਾਨੇ ਮਿੱਥੇ ਜਾਂਦੇ ਹਨ | ਮੋਦੀ ਸਰਕਾਰ ਨੇ ਇਨ੍ਹਾਂ ਹੱਤਿਆਵਾਂ ਉੱਤੇ ਪਰਦਾ ਪਾਉਣ ਲਈ ਅੰਕੜੇ ਇਕੱਤਰ ਤੇ ਜਾਰੀ ਕਰਨ ਉਤੇ ਰੋਕ ਲਾਈ ਹੋਈ ਹੈ, ਇਸੇ ਲਈ ਇਨ੍ਹਾਂ ਬੇਰਹਿਮ ਹੱਤਿਆਵਾਂ ਉਤੇ ਪਰਦਾ ਪਿਆ ਰਹਿੰਦਾ ਹੈ |




