ਬ੍ਰਾਜ਼ੀਲੀ ਸੰਸਦ ‘ਤੇ ਫਾਸ਼ੀਵਾਦੀ ਹਮਲਾ

0
214

ਬ੍ਰਾਜ਼ੀਲੀਆ : ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਦੇ ਹਮਾਇਤੀ ਐਤਵਾਰ ਪੁਲਸ ਬੈਰੀਕੇਡ ਤੋੜ ਕੇ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਵਿਚ ਦਾਖਲ ਹੋ ਗਏ ਅਤੇ ਕਈ ਹੋਰ ਥਾਵਾਂ ‘ਤੇ ਹਮਲਾ ਕਰ ਦਿੱਤਾ | ਬੋਲਸੋਨਾਰੋ ਦੇ ਹਮਾਇਤੀਆਂ ਵੱਲੋਂ ਇਹ ਹਮਲਾ ਨਵੇਂ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੇ ਅਹੁਦਾ ਸੰਭਾਲਣ ਤੋਂ ਹਫਤੇ ਬਾਅਦ ਕੀਤਾ ਗਿਆ ਹੈ | ਬੋਲਸੋਨਾਰੋ ਨੇ ਆਪਣੇ ਖਿਲਾਫ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਉਦੋਂ ਤੋਂ ਉਨ੍ਹਾ ਦੇ ਹਮਾਇਤੀ ਪ੍ਰਦਰਸ਼ਨ ਕਰ ਰਹੇ ਹਨ | ਹਜ਼ਾਰਾਂ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਛੱਤਾਂ ‘ਤੇ ਚੜ੍ਹ ਗਏ, ਖਿੜਕੀਆਂ ਤੋੜ ਦਿੱਤੀਆਂ ਅਤੇ ਤਿੰਨ ਇਮਾਰਤਾਂ ‘ਤੇ ਧਾਵਾ ਬੋਲ ਦਿੱਤਾ | ਪੁਲਸ ਨੇ 400 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ |
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਇਸ ਘਟਨਾਕ੍ਰਮ ‘ਤੇ ਉਹ ਬੇਹੱਦ ਚਿੰਤਤ ਹਨ | ਜਮਹੂਰੀਅਤ ਦਾ ਸਭ ਨੂੰ ਸਨਮਾਨ ਕਰਨਾ ਚਾਹੀਦਾ ਹੈ | ਉਹ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਪੂਰਾ ਸਮਰਥਨ ਦਿੰਦੇ ਹਨ |
ਪੁਲਸ ਨੇ ਸਰਕਾਰੀ ਇਮਾਰਤਾਂ ‘ਤੇ ਕਬਜ਼ਾ ਕਰਨ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਸੀ ਤੇ ਹਮਲੇ ਨੂੰ ਅਚਾਨਕ ਕੀਤਾ ਗਿਆ ਹਮਲਾ ਦੱਸਿਆ ਹੈ | ਰਾਸ਼ਟਰਪਤੀ ਲੂਲਾ ਨੇ ਇਸ ਨੂੰ ਫਾਸ਼ੀਵਾਦੀ ਹਮਲਾ ਕਰਾਰ ਦਿੱਤਾ |
ਬ੍ਰਾਜ਼ੀਲ ਦੀਆਂ ਪ੍ਰਮੁੱਖ ਸਰਕਾਰੀ ਇਮਾਰਤਾਂ ਵਿਚ ਜਿਸ ਤਰ੍ਹਾਂ ਦੀ ਹਿੰਸਾ ਹੋਈ ਹੈ, ਉਸੇ ਤਰ੍ਹਾਂ ਦੀ 2 ਸਾਲ ਪਹਿਲਾਂ 6 ਜਨਵਰੀ 2021 ਨੂੰ ਅਮਰੀਕਾ ਵਿਚ ਹੋਈ ਸੀ | ਉਦੋਂ ਚੋਣ ਹਾਰ ਗਏ ਡੋਨਾਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿਲ ਯਾਨੀ ਅਮਰੀਕੀ ਸੰਸਦ ਵਿਚ ਦਾਖਲ ਹੋ ਕੇ ਹਿੰਸਾ ਕੀਤੀ ਸੀ | ਇਸ ਘਟਨਾ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਹਿੰਸਾ ਲਈ ਪੂਰੀ ਤਰ੍ਹਾਂ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ |
ਬ੍ਰਾਜ਼ੀਲ ਦੇ ਨਿਆਂ ਮੰਤਰੀ ਫਲੈਵੀਓ ਡੀਨੋ ਨੇ ਕਿਹਾ—ਇੰਟਰਨੈੱਟ ‘ਤੇ ਅਜੇ ਵੀ ਕੁਝ ਲੋਕ ਕਹਿ ਰਹੇ ਹਨ ਕਿ ਅਜਿਹੀਆਂ ਅੱਤਵਾਦੀ ਘਟਨਾਵਾਂ ਰੁਕਣਗੀਆਂ ਨਹੀਂ, ਪਰ ਅਸੀਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ | ਉਹ ਬ੍ਰਾਜ਼ੀਲ ਦੀ ਜਮਹੂਰੀਅਤ ਨੂੰ ਬਰਬਾਦ ਨਹੀਂ ਕਰ ਸਕਣਗੇ | ਅਸੀਂ ਸਿਆਸੀ ਸੰਘਰਸ਼ ਨੂੰ ਅਪਰਾਧ ਦੇ ਰਾਹ ਨਹੀਂ ਜਾਣ ਦੇਵਾਂਗੇ | ਅਪਰਾਧੀਆਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਵੇਗਾ | ਬੋਲਸੋਨਾਰੋ ਨੇ ਟਵੀਟ ਕੀਤਾ ਹੈ ਕਿ ਵਿਰੋਧ ਹਮੇਸ਼ਾ ਪੁਰਅਮਨ ਤੇ ਕਾਨੂੰਨ ਦੇ ਦਾਇਰੇ ਵਿਚ ਹੋਣਾ ਚਾਹੀਦਾ ਹੈ | ਸਰਕਾਰੀ ਇਮਾਰਤਾਂ ‘ਤੇ ਹਮਲੇ ਗੈਰ-ਕਾਨੂੰਨੀ ਹਨ |

LEAVE A REPLY

Please enter your comment!
Please enter your name here