ਚੰਡੀਗੜ੍ਹ : ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਪੁਲਸ ਨੇ ਅੱਠ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ | ਪੁਲਸ ਨੂੰ ਇਨ੍ਹਾਂ ਦੇ ਇਸ ਹੱਤਿਆ ਕਾਂਡ ‘ਚ ਸ਼ਾਮਲ ਹੋਣ ਦਾ ਸਭ ਤੋਂ ਜ਼ਿਆਦਾ ਸ਼ੱਕ ਹੈ | ਪੁਲਸ ਅਨੁਸਾਰ ਇਨ੍ਹਾਂ ਦੀ ਸਿੱਧੇ ਤੌਰ ‘ਤੇ ਮੂਸੇਵਾਲਾ ਹੱਤਿਆ ਕਾਂਡ ‘ਚ ਮਹੱਤਵਪੁੂਰਨ ਭੂਮਿਕਾ ਹੈ | ਇਨ੍ਹਾਂ ‘ਚ ਦੋ ਸ਼ੱਕੀ ਪੁਣੇ, ਇੱਕ ਰਾਜਸਥਾਨ, ਇੱਕ ਹਰਿਆਣਾ ਅਤੇ ਬਾਕੀ ਪੰਜਾਬ ਦੇ ਰਹਿਣ ਵਾਲੇ ਹਨ | ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਦੇ ਗੈਂਗ ਨਾਲ ਸੰਬੰਧਤ ਹਨ | ਪੰਜਾਬ ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਹੀ ਸ਼ਾਰਪ ਸ਼ੂਟਰਾਂ ਨੇ 29 ਮਈ ਨੂੰ ਮਾਨਸਾ ‘ਚ ਪੰਜਾਬੀ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਉਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਹੁਣ 4 ਰਾਜਾਂ ਦੀ ਪੁਲਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ | ਇਸ ‘ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਸ ਸ਼ਾਮਲ ਹੈ | ਇਨ੍ਹਾਂ ਤੋਂ ਇਲਾਵਾ ਕਾਤਲਾਂ ਨੂੰ ਹਥਿਆਰ ਤੇ ਗੱਡੀਆਂ ਮੁਹੱਈਆ ਕਰਵਾਉਣ, ਕਤਲ ਤੋਂ ਪਹਿਲਾਂ ਰੁਕਣ ਲਈ ਥਾਂ ਮੁਹੱਈਆ ਕਰਵਾਉਣ, ਰੇਕੀ ਕਰਨ ਦੇ ਮਾਮਲੇ ‘ਚ ਵੀ ਪੁਲਸ ਨੇ ਕਈ ਵਿਅਕਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ | ਮੂਸੇਵਾਲਾ ਕਤਲ ਕਾਂਡ ‘ਚ ਪੰਜਾਬ ਦੇ ਤਰਨ ਤਾਰਨ ਤੋਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ, ਹਰਿਆਣਾ ਦੇ ਸੋਨੀਪਤ ਦਾ ਪਿ੍ਆਵਰਤ ਫੌਜੀ ਅਤੇ ਮਨਪ੍ਰੀਤ ਭੋਲੂ, ਮਹਾਰਾਸ਼ਟਰ ਦੇ ਪੁਣੇ ਦਾ ਰਹਿਣ ਵਾਲਾ ਸੰਤੋਸ਼ ਜਾਧਵ ਅਤੇ ਸੌਰਵ ਮਹਾਕਾਲ, ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਾਨੂੜਾ, ਪੰਜਾਬ ਦੇ ਬਠਿੰਡਾ ਦਾ ਹਰਕੰਵਲ ਸਿੰਘ ਰਾਨੂੰ ਸ਼ਾਮਲ ਹਨ | ਪੁਲਸ ਮੁਤਾਬਕ ਮੂਸੇਵਾਲਾ ਦੀ ਹੱਤਿਆ ਤੋਂ ਤਿੰਨ ਦਿਨ ਪਹਿਲਾਂ ਇਹ ਸਾਰੇ ਕੋਟਕਪੂਰਾ ਹਾਈਵੇ ‘ਤੇ ਇਕੱਠੇ ਹੋਏ ਸਨ | ਇਸ ਤੋਂ ਬਾਅਦ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕੇ |
ਮਰਹੂਰਮ ਗਾਇਕ ਸਿੱਧੂ ਮੂਸੇਵਾਲਾ ਦਾ ਫੈਨ ਬਣ ਕੇ ਰੇਕੀ ਕੀਤੀ ਗਈ ਸੀ | ਪੰਜਾਬ ਪੁਲਸ ਨੇ ਇਸ ਮਾਮਲੇ ‘ਚ ਹਰਿਆਣਾ ਦੇ ਸਿਰਸਾ ਸਥਿਤ ਕਾਲਾਂਵਾਲੀ ਕਸਬੇ ਤੋਂ ਸੰਦੀਪ ਉਰਫ਼ ਕੇਕੜਾ ਨੂੰ ਗਿ੍ਫ਼ਤਾਰ ਕੀਤਾ ਹੈ | ਉਹ ਮੂਸੇਵਾਲਾ ਦੇ ਘਰ ‘ਚੋਂ ਨਿਕਲਦੇ ਸਮੇਂ ਸੀ ਸੀ ਟੀ ਵੀ ਫੁਟੇਜ ‘ਚ ਕੈਦ ਹੋਇਆ ਸੀ | ਪੁਲਸ ਨੂੰ ਸ਼ੱਕ ਹੈ ਕਿ ਇਸ ਨੇ ਮੁਖਬਰੀ ਕੀਤੀ ਹੈ | ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |