ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਦਿੱਲੀ ਸਮੇਤ ਪੂਰੇ ਭਾਰਤ ‘ਚ ਤਾਪਮਾਨ ਜ਼ੀਰੋ ਤੋਂ ਥੱਲੇ ਮਨਫੀ 4 ਡਿਗਰੀ ਸੈਲਸੀਅਸ ਤੱਕ ਜਾਣ ਦੀਆਂ ਅਖ਼ਬਾਰਾਂ ‘ਚ ਸੁਰਖੀਆਂ ਬਣੀਆਂ ਸਨ | ਇਸ ਖ਼ਬਰ ਨੇ ਜਿੱਥੇ ਕਈ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ ਤਾਂ ਕਈ ਲੋਕ ਇਸ ਤਰ੍ਹਾਂ ਦੇ ਵੀ ਸਨ, ਜੋ ਉਸ ਦਿਨ ਤੋਂ ਹੀ ਸਾਵਧਾਨੀਆਂ ਵਰਤਣ ਲੱਗ ਗਏ ਸਨ, ਪਰ ਹੁਣ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਇੱਕ ਨਿੱਜੀ ਏਜੰਸੀ ਸਕਾਈਮੇਟ ਨੇ ਕਿਹਾ ਹੈ ਕਿ ਉਤਰ ਭਾਰਤ ‘ਚ ਮਨਫੀ 4 ਡਿਗਰੀ ਤਾਪਮਾਨ ਜਾਣ ਦੀਆਂ ਖ਼ਬਰਾਂ ਸਿਰਫ਼ ਅਫਵਾਹ ਹਨ | ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਵੱਲੋਂ ਇਹ ਗਲਤ ਭਵਿੱਖਬਾਣੀ ਹੈ | ਇਹ ਪਬਲੀਸਿਟੀ ਹਾਸਲ ਕਰਨ ਦਾ ਨਵਾਂ ਤਰੀਕਾ ਹੈ, ਹੋਰ ਕੁਝ ਨਹੀਂ | ਸਕਾਈਮੇਟ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ | ਸਕਾਈਮੇਟ ਨੇ ਕਿਹਾ ਕਿ ਦਿੱਲੀ ‘ਚ ਤਾਪਮਾਨ ਮਨਫੀ ਚਾਰ ‘ਤੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਦਿੱਲੀ ‘ਚ ਛੇਤੀ ਹੀ ਠੰਢ ਤੋਂ ਰਾਹਤ ਮਿਲਣ ਵਾਲੀ ਹੈ | ਸਕਾਈਮੇਟ ਨੇ ਕਿਹਾ ਕਿ ਦਿੱਲੀ ‘ਚ 16 ਤੋਂ 18 ਜਨਵਰੀ ਵਿਚਾਲੇ ਘੱਟੋ-ਘੱਟ ਤਾਪਮਾਨ 3 ਤੋਂ 4 ਡਿਗਰੀ ਅਤੇ ਵੱਖ-ਵੱਖ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ 2 ਡਿਗਰੀ ਹੋ ਸਕਦਾ ਹੈ, ਪਰ ਇਹ ਕਦੀ ਵੀ ਜ਼ੀਰੋ ਤੋਂ ਥੱਲੇ ਨਹੀਂ ਜਾਵੇਗਾ |