ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 30, 31 ਅਕਤੂਬਰ ਅਤੇ 1 ਨਵੰਬਰ ਨੂੰ ਸਾਰਾ ਦਿਨ ਸਾਰੀ ਰਾਤ ਲੱਗਣ ਵਾਲਾ ‘ਮੇਲਾ ਗ਼ਦਰੀ ਬਾਬਿਆਂ ਦਾ’ ਇਸ ਵਾਰ ਨਵੀਂਆਂ ਬੁਲੰਦੀਆਂ ਛੂੰਹਦਾ ਹੋਇਆ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ ਦਾ ਮਿਆਰੀ ਕਲਾਤਮਕ ਸੱਭਿਆਚਾਰਕ ਮੇਲਾ ਹੋਏਗਾ | ਇਸ ਮੇਲੇ ‘ਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਵੀ ਅਤੇ ਕਲਾਕਾਰ ਗਲਵੱਕੜੀ ਪਾ ਕੇ ਮਿਲਣਗੇ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਮਨਾਏ ਜਾ ਰਹੇ 31ਵੇਂ ਯਾਦਗਾਰੀ ਗ਼ਦਰੀ ਬਾਬਿਆਂ ਦੇ ਮੇਲੇ ‘ਚ ਨਾਮਵਰ ਕਵੀ ਬਾਬਾ ਨਜ਼ਮੀ, ਅਜੋਕਾ ਥੀਏਟਰ ਦੇ ਸ਼ਾਹਿਦ ਨਦੀਮ, ‘ਸਾਂਝਾ ਵਿਹੜਾ’ ਰੰਗਮੰਚ ਦੇ ਮੁਖੀਏ ਨਜ਼ੀਰ ਜੋਈਆ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਿਖਤੀ ਸੱਦਾ ਪੱਤਰ ਭੇਜ ਕੇ ਮੇਲੇ ‘ਚ ਆਉਣ ਲਈ ਵੀਜ਼ੇ ਨਾਲ ਸੰਬੰਧਤ ਤਿਆਰੀਆਂ ਆਰੰਭਣ ਦੀ ਬੇਨਤੀ ਕੀਤੀ ਗਈ ਹੈ | ਵਾਰਿਸ ਸ਼ਾਹ ਦੀ 300ਵੀਂ ਜਨਮ ਵਰੇ੍ਹਗੰਢ ਮੌਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰੰਗਕਰਮੀਆਂ, ਕਵੀਆਂ, ਕਲਾਕਾਰਾਂ ਦਾ ਸਾਂਝੇ ਮੰਚ ‘ਤੇ ਜੁੜਨਾ ਆਪਣੇ ਆਪ ‘ਚ ਮੁੱਲਵਾਨ ਅਰਥ ਰੱਖਦਿਆਂ ਸਾਂਝੀ ਗ਼ਦਰ ਲਹਿਰ ਦੇ ਇਤਿਹਾਸ ਅਤੇ ਸਾਂਝੀ ਵਿਰਾਸਤ ਦੀ ਮਸ਼ਾਲ ਜਗਦੀ ਰੱਖਣ ਦਾ ਪੈਗ਼ਾਮ ਦੇਵੇਗਾ |
ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਸੱਦਾ ਪੱਤਰ ਭੇਜਦਿਆਂ ਪੂਰਨ ਆਸ ਪ੍ਰਗਟ ਕੀਤੀ ਕਿ ਬਿਨਾਂ ਕਿਸੇ ਦਿੱਕਤ ਦੇ ਲਹਿੰਦੇ ਪੰਜਾਬ ਦੇ ਰੰਗਕਰਮੀ ਅਤੇ ਕਵੀ ਮੇਲੇ ‘ਚ ਸ਼ਿਰਕਤ ਕਰ ਸਕਣਗੇ |