ਮਹਿਲਾ ਪਹਿਲਵਾਨਾਂ ਦਾ ਐਲਾਨ : ਇੱਜ਼ਤ ਨੂੰ ਹੱਥ ਪਾਉਣ ਵਾਲੇ ਪ੍ਰਧਾਨ ਨੂੰ ਛੱਡਣਾ ਨਹੀਂ, ਅੰਦਰ ਕਰਾਉਣਾ

0
188

ਨਵੀਂ ਦਿੱਲੀ : ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਨੂੰ ਲੈ ਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਿ੍ਜਭੂਸ਼ਣ ਸ਼ਰਨ ਸਿੰਘ ਤੇ ਕੋਚਾਂ ਖਿਲਾਫ ਮੋਰਚਾ ਖੋਲ੍ਹਣ ਵਾਲੇ ਪਹਿਲਵਾਨ ਵੀਰਵਾਰ ਖੇਡ ਮੰਤਰਾਲੇ ਦੇ ਅਧਿਕਾਰੀਆਂ ਨਾਲ ਇਕ ਘੰਟੇ ਦੀ ਮੀਟਿੰਗ ਵਿਚ ਸੰਤੁਸ਼ਟ ਨਹੀਂ ਹੋਏ |
ਸੀਨੀਅਰ ਪਹਿਲਵਾਨ ਬਜਰੰਗ ਪੂਨੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ—ਸਾਡੇ ਨਾਲ ਹਿੰਦੁਸਤਾਨ ਦੇ ਸਾਰੇ ਪਹਿਲਵਾਨ ਹਨ | ਪ੍ਰਧਾਨ ਨੇ ਕਿਹਾ ਸੀ ਕਿ ਸਬੂਤ ਦਿਓ ਤਾਂ ਫਾਂਸੀ ‘ਤੇ ਲਟਕ ਜਾਵਾਂਗਾ | ਪਹਿਲਾਂ ਸਾਡੇ ਨਾਲ ਦੋ ਕੁੜੀਆਂ ਸਨ, ਹੁਣ ਸਬੂਤਾਂ ਸਣੇ 6-7 ਕੁੜੀਆਂ ਹਨ, ਜਿਨ੍ਹਾਂ ਦਾ ਪ੍ਰਧਾਨ ਨੇ ਸ਼ੋਸ਼ਣ ਕੀਤਾ | ਅਸੀਂ ਪਿੱਛੇ ਨਹੀਂ ਹਟਾਂਗੇ | ਅਸੀਂ ਸਿਰਫ ਅਸਤੀਫੇ ਨਾਲ ਸੰਤੁਸ਼ਟ ਨਹੀਂ ਹੋਵਾਂਗੇ | ਅਸੀਂ ਫੈਡਰੇਸ਼ਨ ਭੰਗ ਕਰਾਉਣੀ ਚਾਹੁੰਦੇ ਹਾਂ |
ਬੇਬਾਕ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ—ਸਾਡਾ ਇਕ-ਇਕ ਦਿਨ ਕੀਮਤੀ ਹੈ | ਮੀਟਿੰਗ ‘ਚ ਸਾਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ | ਸਾਡੇ ਦੋਸ਼ ਸੱਚੇ ਹਨ | ਸਾਨੂੰ ਮਜਬੂਰ ਨਾ ਕੀਤਾ ਜਾਵੇ ਸਭ ਦੇ ਸਾਹਮਣੇ ਆਉਣ ਲਈ | ਅਸੀਂ ਆਪਣੇ ਸਨਮਾਨ ਲਈ ਲੜ ਰਹੇ ਹਾਂ | ਅਸੀਂ ਪੂਰੇ ਦੇਸ਼ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਕਿ ਦੇਸ਼ ਦੀਆਂ ਬੇਟੀਆਂ ਨਾਲ ਕੀ ਹੋਇਆ ਹੈ | ਜਿਸ ਦਿਨ ਸਾਰੀਆਂ ਕੁੜੀਆਂ ਮੀਡੀਆ ਨੂੰ ਦੱਸਣਗੀਆਂ ਕਿ ਸਾਡੇ ਨਾਲ ਕੀ ਹੋਇਆ, ਉਹ ਕੁਸ਼ਤੀ ਦੀ ਬਦਕਿਸਮਤੀ ਹੋਵੇਗੀ | ਅਸੀਂ ਪ੍ਰਧਾਨ ਦਾ ਅਸਤੀਫਾ ਵੀ ਚਾਹੁੰਦੇ ਹਾਂ ਤੇ ਪ੍ਰਧਾਨ ਨੂੰ ਜੇਲ੍ਹ ਵੀ ਭਿਜਵਾਵਾਂਗੇ | ਸਾਡੇ ਨਾਲ ਬਹੁਤ ਗਲਤ ਹੋਇਆ ਹੈ | ਅਸੀਂ ਬਿਨਾਂ ਸਬੂਤ ਨਹੀਂ ਪ੍ਰੋਟੈੱਸਟ ਕਰ ਰਹੇ | ਪ੍ਰਧਾਨ ਦੋ ਮਿੰਟ ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਬੋਲ ਦੇਵੇ ਕਿ ਗਲਤ ਨਹੀਂ ਕੀਤਾ | ਸਾਡੀ ਲੜਾਈ ਕੁੜੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਹੈ | ਜੇ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਤਾਂ ਹਿੰਦੁਸਤਾਨ ਵਿਚ ਇਕ ਵੀ ਕੁੜੀ ਪੈਦਾ ਨਹੀਂ ਹੋਣੀ ਚਾਹੀਦੀ | ਪ੍ਰਧਾਨ ਨੇ ਯੂ ਪੀ ਦੀ ਕੁਸ਼ਤੀ ਖਤਮ ਕਰ ਦਿੱਤੀ ਹੈ | ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨਾਲ ਐੱਫ ਆਈ ਆਰ ਕਰਾਵਾਂਗੇ |
ਸਾਕਸ਼ੀ ਮਲਿਕ ਨੇ ਕਿਹਾ—ਮੀਟਿੰਗ ਵਿਚ ਸਾਨੂੰ ਸਿਰਫ ਭਰੋਸਾ ਦਿੱਤਾ ਗਿਆ | ਅਸੀਂ ਭਰੋਸੇ ਤੋਂ ਸੰਤੁਸ਼ਟ ਨਹੀਂ ਹਾਂ | ਸਾਨੂੰ ਠੋਸ ਕਾਰਵਾਈ ਚਾਹੀਦੀ ਹੈ |
ਇਸੇ ਦੌਰਾਨ ਖਬਰ ਹੈ ਕਿ ਫੈਡਰੇਸ਼ਨ ਦੀ ਐਗਜ਼ੈਕਟਿਵ ਦੀ 22 ਜਨਵਰੀ ਨੂੰ ਅਯੁੱਧਿਆ ਵਿਚ ਹੋਣ ਵਾਲੀ ਸਾਲਾਨਾ ਮੀਟਿੰਗ ਵਿਚ ਪ੍ਰਧਾਨ ਬਿ੍ਜਭੂਸ਼ਣ ਅਸਤੀਫੇ ਦਾ ਐਲਾਨ ਕਰ ਸਕਦੇ ਹਨ |
ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ | ਸਾਰੇ ਪਹਿਲਵਾਨ ਦੇਰ ਰਾਤ ਤੱਕ ਜਾਗ ਕੇ ਅੰਦੋਲਨ ਦੀਆਂ ਹੋਰ ਯੋਜਨਾਵਾਂ ‘ਤੇ ਚਰਚਾ ਕਰਦੇ ਰਹੇ | ਉਹ ਮੀਡੀਆ ‘ਤੇ ਸੰਦੇਸ਼ ਸਾਂਝੇ ਕਰਕੇ ਹੋਰਨਾਂ ਪਹਿਲਵਾਨਾਂ ਅਤੇ ਭਾਰਤ ਦੇ ਲੋਕਾਂ ਨੂੰ ਵੀਰਵਾਰ ਜੰਤਰ-ਮੰਤਰ ‘ਤੇ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਬੇਨਤੀ ਕਰਦੇ ਰਹੇ |
ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਕੁਝ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਨੂੰ ਮੰਦਰ ‘ਚ ਮਿਲੇ | ਸਵੇਰੇ ਪਹਿਲਵਾਨ ਪ੍ਰੋਟੈੱਸਟ ਜਾਰੀ ਰੱਖਣ ਲਈ ਜੰਤਰ-ਮੰਤਰ ਪੁੱਜ ਗਏ | ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਵੱਲੋਂ ਖੇਡ ਸੰਸਥਾ ਦੇ ਕੋਚਾਂ ਅਤੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ |
ਇਸੇ ਦੌਰਾਨ ਤਿੰਨ ਵਾਰ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਸਰਕਾਰ ਦੀ ਦੂਤ ਬਣ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਦਾ ਭਰੋਸਾ ਦਿੱਤਾ | ਉਸ ਨੇ ਕਿਹਾ ਕਿ ਉਹ ਸਿਆਸਤਦਾਨ ਬਾਅਦ ਵਿਚ ਹੈ, ਪਹਿਲਵਾਨ ਪਹਿਲਾਂ ਹੈ |

LEAVE A REPLY

Please enter your comment!
Please enter your name here