ਚੋਣ ਕਮਿਸ਼ਨ ਨੇ ਉੱਤਰ-ਪੂਰਬ ਦੇ ਤਿੰਨ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ | ਇਸ ਅਨੁਸਾਰ ਤਿ੍ਪੁਰਾ ਵਿੱਚ 16 ਫ਼ਰਵਰੀ ਤੇ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫ਼ਰਵਰੀ ਨੂੰ ਵੋਟਾਂ ਪੈਣਗੀਆਂ | ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ |
ਨਾਗਾਲੈਂਡ ਤੇ ਮੇਘਾਲਿਆ ਵਿੱਚ ਆਮ ਤੌਰ ‘ਤੇ ਮੁੱਖ ਮੁਕਾਬਲਾ ਵੱਖ-ਵੱਖ ਧੜਿਆਂ ਦੀਆਂ ਸਥਾਨਕ ਪਾਰਟੀਆਂ ਵਿੱਚ ਹੀ ਹੁੰਦਾ ਆ ਰਿਹਾ ਹੈ | ਇੱਕੋ-ਇੱਕ ਤਿ੍ਪੁਰਾ ਹੈ, ਜਿੱਥੇ ਮੁਕਾਬਲਾ ਕੌਮੀ ਪਾਰਟੀਆਂ ਵਿੱਚ ਹੁੰਦਾ ਹੈ | ਜੇਕਰ ਨਾਗਾਲੈਂਡ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਨਾਗਾ ਪੀਪਲਜ਼ ਫਰੰਟ ਨੇ 26 ਸੀਟਾਂ, ਨੈਸ਼ਨਲ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਨੇ 18, ਭਾਜਪਾ ਨੇ 12, ਨੈਸ਼ਨਲ ਪੀਪਲਜ਼ ਪਾਰਟੀ ਨੇ 2, ਜਨਤਾ ਦਲ (ਯੂ) ਨੇ 1 ਤੇ ਇੱਕ ਸੀਟ ਅਜ਼ਾਦ ਨੇ ਜਿੱਤੀ ਸੀ | ਕਾਂਗਰਸ ਪਾਰਟੀ ਦਾ ਬਹੁਤਾ ਹਿੱਸਾ ਭਾਜਪਾ ਦੀ ਛਤਰੀ ਹੇਠ ਚਲਾ ਜਾਣ ਕਾਰਨ ਉਸ ਦੇ ਪੱਲੇ ਕੁਝ ਨਹੀਂ ਸੀ ਪਿਆ | ਸਰਕਾਰ ਨੈਸ਼ਨਲ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਨੇ ਭਾਜਪਾ ਤੇ ਬਾਕੀ ਛੋਟੀਆਂ ਪਾਰਟੀਆਂ ਨੂੰ ਜੋੜ ਕੇ ਬਣਾ ਲਈ ਸੀ |
ਇਸੇ ਤਰ੍ਹਾਂ ਹੀ ਮੇਘਾਲਿਆ ਵਿੱਚ ਕਾਂਗਰਸ ਨੇ ਭਾਵੇਂ 21 ਸੀਟਾਂ ਜਿੱਤ ਲਈਆਂ ਸਨ, ਪਰ ਸਰਕਾਰ ਕੋਨਾਰਡ ਸੰਗਮਾ ਦੀ 20 ਸੀਟਾਂ ਵਾਲੀ ਨੈਸ਼ਨਲ ਪੀਪਲਜ਼ ਪਾਰਟੀ ਨੇ ਬਣਾ ਲਈ ਸੀ, ਜਿਸ ਨੇ ਬਾਕੀ ਸਾਰਿਆਂ ਨੂੰ ਆਪਣੇ ਨਾਲ ਜੋੜ ਲਿਆ ਸੀ | ਬਾਕੀ ਜਿੱਤਣ ਵਾਲੀਆਂ ਧਿਰਾਂ ਵਿੱਚ ਯੂ ਡੀ ਪੀ 6, ਅਜ਼ਾਦ 3, ਭਾਜਪਾ 2, ਪੀ ਡੀ ਐਫ 4, ਹਿਲ ਸਟੇਟ ਪੀ ਡੀ ਪੀ 2 ਤੇ ਐਨ ਸੀ ਪੀ ਇੱਕ ਸੀਟ ਲੈ ਗਈ ਸੀ | ਅਸਲ ਵਿੱਚ ਇਨ੍ਹਾਂ ਰਾਜਾਂ ਦਾ ਸਾਰਾ ਰਾਜ ਪ੍ਰਬੰਧ ਕੇਂਦਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਦੇ ਸਿਰ ‘ਤੇ ਚਲਦਾ ਹੈ | ਇਸ ਲਈ ਉੱਥੇ ਕੋਈ ਵੀ ਜਿੱਤੇ, ਰਹਿਣਾ ਉਸ ਨੇ ਕੇਂਦਰ ਵਿੱਚ ਰਾਜ ਕਰਦੀ ਧਿਰ ਨਾਲ ਹੁੰਦਾ ਹੈ |
ਹੁਣ ਲਓ ਤਿ੍ਪੁਰਾ ਦੀ ਗੱਲ | ਪਿਛਲੀਆਂ ਚੋਣਾਂ ਵਿੱਚ ਇੱਥੇ ਭਾਜਪਾ ਨੇ 25 ਸਾਲਾਂ ਤੋਂ ਰਾਜ ਕਰ ਰਹੀ ਖੱਬੀ ਧਿਰ ਨੂੰ ਸੱਤਾ ਵਿੱਚੋਂ ਬਾਹਰ ਕਰ ਦਿੱਤਾ ਸੀ | 2018 ਦੀਆਂ ਚੋਣਾਂ ਭਾਜਪਾ ਨੇ ਕਬਾਇਲੀ ਪਾਰਟੀ ਆਈ ਪੀ ਐਫ ਟੀ ਨਾਲ ਮਿਲ ਕੇ ਲੜੀਆਂ ਸਨ | ਭਾਜਪਾ ਨੇ 36 ਸੀਟਾਂ ਤੇ ਉਸ ਦੀ ਸਹਿਯੋਗੀ ਆਈ ਪੀ ਐਫ ਟੀ ਨੇ 8 ਸੀਟਾਂ ਜਿੱਤ ਕੇ ਖੱਬੇ ਮੋਰਚੇ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ, ਜਿਸ ਨੂੰ ਸਿਰਫ਼ 16 ਸੀਟਾਂ ਮਿਲੀਆਂ ਸਨ | ਕਾਂਗਰਸ ਪਾਰਟੀ ਦਾ ਤਾਂ ਬਹੁਤਾ ਹਿੱਸਾ ਭਾਜਪਾ ਵਿੱਚ ਚਲਾ ਗਿਆ ਸੀ | ਇਸ ਦੇ ਸਿੱਟੇ ਵਜੋਂ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀਆਂ 36.53 ਫੀਸਦੀ ਵੋਟਾਂ ਦੇ ਮੁਕਾਬਲੇ ਉਸ ਨੂੰ ਸਿਰਫ਼ 1.54 ਫੀਸਦੀ ਵੋਟਾਂ ਮਿਲੀਆਂ ਤੇ ਅਸੰਬਲੀ ਵਿੱਚ 10 ਮੈਂਬਰਾਂ ਵਾਲੀ ਮੁੱਖ ਵਿਰੋਧੀ ਧਿਰ ਜ਼ੀਰੋ ਉੱਤੇ ਸੁੰਗੜ ਗਈ ਸੀ | ਇਸ ਦੇ ਉਲਟ ਭਾਜਪਾ ਦਾ ਵੋਟ ਸ਼ੇਅਰ 1.54 ਤੋਂ ਅਣਕਿਆਸੀ ਛਾਲ ਮਾਰ ਕੇ 43.59 ਉੱਤੇ ਪੁੱਜ ਗਿਆ | ਖੱਬੇ ਪੱਖ ਲਈ ਇਹ ਸੰਤੋਸ਼ ਵਾਲੀ ਗੱਲ ਹੋ ਸਕਦੀ ਹੈ ਕਿ ਹਾਰ ਜਾਣ ਦੇ ਬਾਵਜੂਦ ਉਹ ਆਪਣਾ ਵੋਟ ਸ਼ੇਅਰ 44.36 ਫੀਸਦੀ ਤੱਕ ਬਚਾਉਣ ਵਿੱਚ ਕਾਮਯਾਬ ਰਿਹਾ ਸੀ | ਭਾਜਪਾ ਦੀ ਜਿੱਤ ਦਾ ਮੁੱਖ ਧੁਰਾ ਆਈ ਪੀ ਐਫ ਟੀ ਸੀ, ਜਿਸ ਨੇ 7.38 ਫ਼ੀਸਦੀ ਵੋਟਾਂ ਲੈ ਕੇ 8 ਸੀਟਾਂ ਜਿੱਤ ਲਈਆਂ ਸਨ |
ਕਾਂਗਰਸ ਲਈ ਇਹ ਹੌਸਲੇ ਵਾਲੀ ਗੱਲ ਹੈ ਕਿ 2022 ਦੀਆਂ ਜ਼ਿਮਨੀ ਚੋਣਾਂ ਵਿੱਚ ਉਸ ਨੇ 43.46 ਫ਼ੀਸਦੀ ਵੋਟਾਂ ਲੈ ਕੇ ਅਗਰਤਲਾ ਦੀ ਸੀਟ ਭਾਜਪਾ ਤੋਂ ਖੋਹ ਲਈ ਸੀ | ਇਸ ਤੋਂ ਇਲਾਵਾ ਜਿਹੜੇ ਕਾਂਗਰਸੀ ਭਾਜਪਾ ‘ਚ ਗਏ ਸਨ, ਉਨ੍ਹਾਂ ਨੇ ਵੀ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ | ਇਹ ਦੇਸ਼ ਵਿੱਚ ਪਹਿਲੀ ਵਾਰ ਹੈ ਜਦੋਂ 8 ਵਿਧਾਇਕ ਭਾਜਪਾ ਗਠਜੋੜ ਨੂੰ ਤਿਲਾਂਜਲੀ ਦੇ ਚੁੱਕੇ ਹਨ | ਇਨ੍ਹਾਂ ਵਿੱਚ 5 ਭਾਜਪਾ ਦੇ ਤੇ ਤਿੰਨ ਉਸ ਦੀ ਸਹਿਯੋਗੀ ਪਾਰਟੀ ਦੇ ਹਨ | ਭਾਜਪਾ ਵਿੱਚੋਂ ਨਿਕਲਿਆਂ ਨੇ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਹੈ ਤੇ ਦੂਜੇ ਤਿੰਨ ਨਵੀਂ ਬਣੀ ਪਾਰਟੀ ਤਿਪਰਾ ਮੋਥਾ ਵਿੱਚ ਸ਼ਾਮਲ ਹੋ ਗਏ ਹਨ | ਆਈ ਪੀ ਐਫ਼ ਟੀ ਨੇ ਭਾਜਪਾ ਨਾਲੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ | ਤਿਪਰਾ ਮੋਥਾ ਨੇ ਐਲਾਨ ਕੀਤਾ ਹੈ ਕਿ ਉਹ ਉਸ ਧਿਰ ਨਾਲ ਜਾਣਗੇ, ਜਿਹੜੀ ਉਨ੍ਹਾਂ ਦੀ ਵੱਖਰੇ ਤਿਪਰਾਲੈਂਡ ਦੀ ਮੰਗ ਨੂੰ ਮੰਨ ਲੈਣਗੇ |
ਖੱਬੀਆਂ ਧਿਰਾਂ ਨੇ ਵੀ ਆਪਣੇ ਦਾਅਪੇਚ ਘੜ ਲਏ ਹਨ | ਪਿਛਲੇ ਦਿਨੀਂ ਚੋਣ ਰਣਨੀਤੀ ਤੈਅ ਕਰਨ ਲਈ ਸੀ ਪੀ ਆਈ (ਐੱਮ) ਸੀ ਪੀ ਆਈ, ਫਾਰਵਰਡ ਬਲਾਕ, ਸੀ ਪੀ ਆਈ ਐਮ ਐਲ, ਆਰ ਐਸ ਪੀ ਤੇ ਕਾਂਗਰਸ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋ ਚੁੱਕੀ ਹੈ | ਕਾਂਗਰਸ ਤੇ ਸੀ ਪੀ ਆਈ (ਐਮ) ਦੇ ਆਗੂਆਂ ਦਾ ਸਾਂਝਾ ਬਿਆਨ ਵੀ ਆ ਚੁੱਕਾ ਹੈ ਕਿ ਉਹ ਇਹ ਚੋਣਾਂ ਗਠਜੋੜ ਬਣਾ ਕੇ ਲੜਨਗੇ | ਮਮਤਾ ਦੀ ਟੀ ਐਮ ਸੀ ਵੀ ਮੈਦਾਨ ਵਿੱਚ ਹੈ, ਪਰ ਉਹ ਸਿਰਫ਼ ਵੋਟ ਕਟੂਆਂ ਤੋਂ ਵੱਧ ਕੁਝ ਨਹੀਂ ਹੈ | ਪਿਛਲੀਆਂ ਚੋਣਾਂ ਵਿੱਚ ਉਸ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ | ਦੇਸ਼ ਵਿੱਚ ਫਿਰਕੂ ਫਾਸ਼ੀ ਤਾਕਤਾਂ ਦੇ ਉਭਾਰ ਤੋਂ ਚਿੰਤਤ ਲੋਕਾਂ ਨੂੰ ਆਸ ਹੈ ਕਿ ਤਿ੍ਪੁਰਾ ਦੇ ਲੋਕ ਇਨ੍ਹਾਂ ਤਾਕਤਾਂ ਨੂੰ ਭਾਂਜ ਦੇਣ ਲਈ ਬਾਕੀ ਭਾਰਤ ਨੂੰ ਰਾਹ ਦਿਖਾਉਣਗੇ |
-ਚੰਦ ਫਤਿਹਪੁਰੀ





