ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਦੋਸ਼ ਲਾਇਆ ਕਿ ਉਪ ਰਾਜਪਾਲ (ਐੱਲ ਜੀ) ਵੀ ਕੇ ਸਕਸੈਨਾ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਬਜਾਏ ਗੰਦੀ ਰਾਜਨੀਤੀ ਕਰ ਰਹੇ ਹਨ | ਉਨ੍ਹਾ ਦੀ ਇਹ ਟਿੱਪਣੀ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੇ ਦੋਸ਼ਾਂ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਏਮਜ਼ ਦੇ ਬਾਹਰ ਸ਼ਰਾਬੀ ਕਾਰ ਸਵਾਰ ਨੇ ਸਵਾਤੀ ਨਾਲ ਛੇੜਛਾੜ ਕੀਤੀ ਅਤੇ ਫਿਰ ਉਸ ਨੂੰ ਆਪਣੀ ਗੱਡੀ ਨਾਲ 10-15 ਮੀਟਰ ਤੱਕ ਘੜੀਸਦਾ ਲੈ ਗਿਆ | ਉਪ ਰਾਜਪਾਲ ਨਾਲ ਵਧਦੇ ਵਿਵਾਦ ਕਾਰਨ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸਕਸੈਨਾ ਨੇ ਸਰਕਾਰੀ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ, ਜਦੋਂ ਕਿ ਉਨ੍ਹਾ ਕੋਲ ਅਜਿਹਾ ਕਰਨ ਦਾ ਅਧਿਕਾਰ ਨਹੀਂ |
ਉਧਰ, ਸਕਸੈਨਾ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਦੇ ਦੋ ਸੰਵਿਧਾਨਕ ਅਹੁਦੇਦਾਰਾਂ ਨਾਲ ਸੰਬੰਧਤ ਵਿਵਾਦ ‘ਚ ਗੁੰਮਰਾਹਕੁਨ ਤੇ ਅਪਮਾਨਜਨਕ ਟਿੱਪਣੀਆਂ ਕਰਨ ਅਤੇ ਨੀਵੇਂ ਪੱਧਰ ਦੇ ਬਿਆਨ ਦੇਣ ਦਾ ਦੋਸ਼ ਲਾਇਆ ਹੈ | ਉਨ੍ਹਾ ਕਿਹਾ ਹੈ ਕਿ ਕੇਜਰੀਵਾਲ ਸਿਆਸੀ ਪਾਖੰਡ ਕਰ ਰਹੇ ਹਨ |




