10.5 C
Jalandhar
Tuesday, February 7, 2023
spot_img

ਸਾਂਝੀ ਸੂਬਾਈ ਕਨਵੈਨਸ਼ਨ ਮਜ਼ਦੂਰ ਵਿਹੜਿਆਂ ‘ਚ ਚੇਤਨਾ ਦੇ ਚਾਨਣ ਦਾ ਛੱਟਾ ਦੇਣ ਦਾ ਜ਼ੋਰਦਾਰ ਹੋਕਾ ਦੇ ਗਈ

ਸ਼ਾਹਕੋਟ (ਗਿਆਨ ਸੈਦਪੁਰੀ)
ਖੇਤ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਵੱਲੋਂ ਬੀਤੇ ਸਾਲ ਪੰਜ ਨਵੰਬਰ ਦੀ ਦਿੱਲੀ ਕਨਵੈਨਸ਼ਨ ਵਿੱਚ ਹਰ ਰਾਜ ਅੰਦਰ ਸੂਬਾਈ ਪੱਧਰ ਦੀਆਂ ਕਨਵੈਨਸ਼ਨਾਂ ਕਰਨ ਦੇ ਫੈਸਲੇ ਅਨੁਸਾਰ ਜਲੰਧਰ ਵਿੱਚ ਹੋਈ ਕਨਵੈਨਸ਼ਨ ਮਜ਼ਦੂਰ ਅਤੇ ਦਲਿਤ ਵਿਹੜਿਆਂ ਵਿੱਚ ਚੇਤਨਾ ਦੇ ਚਨਣ ਦਾ ਛੱਟਾ ਦੇਣ ਦੇ ਸੰਜੀਦਾ ਉਪਰਾਲੇ ਕਰਨ ਦੇ ਅਹਿਦ ਨਾਲ ਸਫਲਤਾਪੂਰਵਕ ਸਮਾਪਤ ਹੋਈ | ਦੇਸ਼ ਭਗਤ ਯਾਦਗਾਰ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ, ਕੁਲ ਹਿੰਦ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਅਤੇ ਦਲਿਤ ਸ਼ੋਸ਼ਣ ਮੁਕਤੀ ਮੰਚ ਦੇ ਆਗੂ ਸਾਂਝੇ ਸੁਰ ਵਿੱਚ ਮਜ਼ਦੂਰ ਅਤੇ ਦਲਿਤ ਵਰਗ ਦੇ ਸਵਾਲਾਂ ਨੂੰ ਸੰਬੋਧਤ ਹੋਏ |
ਕੁਲ ਹਿੰਦ ਦਲਿਤ ਅਧਿਕਾਰ ਅੰਦੋਲਨ ਦੇ ਜਨਰਲ ਸਕੱਤਰ ਵਿਜੇਂਦਰ ਸਿੰਘ ਨਿਰਮਲ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ ਤੇ ਭੂਪ ਚੰਦ ਚੰਨੋ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਮਾਓ, ਹਰਬੰਸ ਸਿੰਘ ਧੂਤ ਅਤੇ ਹਰਵਿੰਦਰ ਸੇਮਾ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਸਟੇਜ ਤੋਂ ਮੇਲਾ ਸਿੰਘ ਰੁੜਕਾ ਨੇ ਸਾਂਝੀ ਕਨਵੈਨਸ਼ਨ ਦਾ ਮਤਾ ਪੇਸ਼ ਕੀਤਾ | ਗੁਲਜ਼ਾਰ ਸਿੰਘ ਗੋਰੀਆ ਨੇ ਮਤੇ ਦੀ ਪ੍ਰੋੜ੍ਹਤਾ ਕਰਦਿਆਂ ਵਿਸਥਾਰ ਨਾਲ ਵਿਆਖਿਆ ਕੀਤੀ | ਉਨ੍ਹਾ ਕਿਹਾ ਕਿ ਹਰਾ ਇਨਕਲਾਬ, ਜਿਸ ਨੇ ਅਨਾਜ ਵਿੱਚ ਦੇਸ਼ ਅਤੇ ਪੰਜਾਬ ਨੂੰ ਆਤਮ ਨਿਰਭਰ ਬਣਇਆ, ਲਿਆਉਣ ਵਿੱਚ ਜਿੱਥੇ ਕਿਸਾਨਾਂ ਨੇ ਮਿਹਨਤ ਕੀਤੀ, ਉਥੇ ਖੇਤ ਮਜ਼ਦੂਰਾਂ ਨੇ ਵੀ ਬਰਾਬਰ ਪਸੀਨਾ ਵਹਾਇਆ | ਸਵਾਲ ਪੈਦਾ ਹੁੰਦਾ ਕਿ ਪੰਜਾਬ ਦੀ 35 ਫੀਸਦੀ ਦਲਿਤ ਅਤੇ ਮਜ਼ਦੂਰ ਅਬਾਦੀ ਦੀ ਕਿਰਤ ਦਾ ਮੁੱਲ ਕਿਉਂ ਨਹੀਂ ਪਿਆ | ਕਿੱਧਰ ਗਿਆ ਇਸ ਵਰਗ ਦਾ ਬਣਦਾ ਹਿੱਸਾ, ਇਹ ਲੋਕ ਸਾਵੀਂ-ਪੱਧਰੀ ਜ਼ਿੰਦਗੀ ਜਿਊਣ ਦੇ ਸਮਰੱਥ ਕਿਉਂ ਨਹੀਂ ਹੋ ਸਕੇ? ਹੱਡਭੰਨਵੀਂ ਮਿਹਨਤ ਕਰਨ ਵਾਲਾ ਇਹ ਵਰਗ ਅੱਜ ਸਮਾਜ ਦਾ ਸਭ ਤੋਂ ਅਸੁਰੱਖਿਅਤ ਹਿੱਸਾ ਹੈ | ਉਨ੍ਹਾ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਅਸੀ ਹੀ ਰੂਬਰੂ ਹੋਣਾ ਅਤੇ ਇੱਕ ਵਿਸ਼ਾਲ ਮੰਚ ਉਸਾਰ ਕੇ ਹੱਕੀ ਯੁੱਧ ਦਾ ਪਿੜ ਮੱਲਣਾ ਹੈ | ਗੋਰੀਆ ਨੇ ਇੱਕ ਹੋਰ ਅਹਿਮ ਨੁਕਤੇ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਅਗਲੇ ਦਿਨਾਂ ਵਿੱਚ ਪੰਜਾਬ ਸਰਕਾਰ ਖੇਤੀ ਨੀਤੀ ਲਿਆ ਰਹੀ ਹੈ | ਉਨ੍ਹਾ ਸਰਕਾਰ ਨੂੰ ਆਗਾਹ ਕੀਤਾ ਕਿ ਖੇਤੀ ਨੀਤੀ ਵਿੱਚ ਖੇਤ ਮਜ਼ਦੂਰਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ | ਇਸ ਸਾਧਨ ਵਿਹੂਣੇ ਵਰਗ ਦੀ ਕਿਰਤ ਦਾ ਮੁੱਲ ਪਾਇਆ ਜਾਵੇ |
ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਦਲਿਤਾਂ ਦੀ ਸੂਬਾਈ ਕਨਵੈਨਸ਼ਨ ਵਿੱਚ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਜੇਂਦਰ ਸਿੰਘ ਨਿਰਮਲ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਭਾਜਪਾ ਸਰਕਾਰ ਦੇ ਮਨਸੂਬੇ ਬੜੇ ਖਤਰਨਾਕ ਹਨ | ਦੇਸ਼ ਸੰਵਿਧਾਨ ਅਨੁਸਾਰ ਨਹੀਂ, ਬਲਕਿ ਮਨੂ ਸਿਮਰਤੀ ਮੁਤਾਬਕ ਚਲਾਇਆ ਜਾ ਰਿਹਾ | ਦੇਸ਼ ਅੰਦਰ ਸਮੰਤਵਾਦੀ ਵਿਵਸਥਾ ਕਾਇਮ ਕਰਨ ਲਈ ਮਨੂ ਸਿਮਰਤੀ ਦੇ ਪੈਰੋਕਾਰਾਂ ਅਤੇ ਵੱਡੇ ਧਨਾਢਾਂ ਦਾ ਗੱਠਜੋੜ ਹੋ ਗਿਆ ਹੈ | ਉਨ੍ਹਾ ਕਿਹਾ ਕਿਰਤੀ ਵਰਗ ਦੀ ਬੰਦਖਲਾਸੀ ਲਈ ਵੱਡੀ ਲੜਾਈ ਵਿੱਢਣੀ ਹੋਵੇਗੀ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ, ਤਲਾਕ ਅਤੇ ਹੋਰ ਸਮਾਜੀ ਬਿਮਾਰੀਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ | ਹੱਕ ਮੰਗਦੇ ਮਜ਼ਦੂਰਾਂ ‘ਤੇ ਪੁਲਸ ਵੱਲੋਂ ਵਰ੍ਹਾਈਆਂ ਡਾਂਗਾਂ ਦੇ ਹਵਾਲੇ ਨਾਲ ਸਰਹਾਲੀ ਕਲਾਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੇ ਰਾਹ ‘ਤੇ ਹੀ ਚੱਲ ਰਹੀ ਹੈ | ਕੁਲ ਹਿੰਦ ਮਜ਼ਦੂਰ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਭੂਪ ਚੰਦ ਚੰਨੋ ਨੇ ਕਿਹਾ ਕਿ ਮਜ਼ਦੂਰ ਵਿਹੜਿਆਂ ਵਿੱਚ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ ਸਮੇਂ ਦੀ ਲੋੜ ਹੈ | ਕਨਵੈਨਸ਼ਨ ਨੂੰ ਪੰਜਾਬ ਮੁਕਤੀ ਮੋਰਚਾ ਦੇ ਜਨਰਲ ਸਕੱਤਰ ਹਰਵਿੰਦਰ ਸੇਮਾ, ਬਲਦੇਵ ਭਾਰਤੀ, ਸੀਵਰੇਜ ਬੋਰਡ ਕਰਮਚਾਰੀ ਯੂਨੀਅਨ ਦੇ ਆਗੂ ਵਿਜੇ ਕੁਮਾਰ ਨੇ ਵੀ ਸੰਬੋਧਨ ਕੀਤਾ | ਕਨਵੈਨਸ਼ਨ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਪਰਮਜੀਤ ਸਿੰਘ ਕਲਸੀ ਨੇ ਭਰਾਤਰੀ ਜਥੇਬੰਦੀਆਂ ਵਜੋਂ ਹਾਜ਼ਰੀ ਲਗਵਾਈ | ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਭਗਵੰਤ ਸਮਾਓ ਨੇ ਕਨਵੈਨਸ਼ਨ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਾਰਚ ਮਹੀਨੇ ਵਿੱਚ ਖੇਤ ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਵੱਲੋਂ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ | ਸਟੇਜ ਚਲਾਉਣ ਦੇ ਫਰਜ਼ ਕੁਲ ਹਿੰਦ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੁੂਰਪੁਰੀ ਨੇ ਨਿਭਾਏ | ਕਨਵੈਨਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਸੰਧੂ ਤੇ ਕਾਮਰੇਡ ਵੀਰ ਕੁਮਾਰ ਵੀ ਸ਼ਾਮਲ ਸਨ |

Related Articles

LEAVE A REPLY

Please enter your comment!
Please enter your name here

Latest Articles