31.1 C
Jalandhar
Saturday, July 27, 2024
spot_img

ਸੁਆਹ ਬੰਦ ਕਰਨ ਦੀ ਮੰਗ ਨੂੰ ਲੈ ਕੇ ਪਾਵਰ ਪਲਾਂਟ ਦਾ ਘਿਰਾਓ

ਨਵਾਂਸ਼ਹਿਰ (ਮਨੋਜ ਲਾਡੀ)
ਸੁਆਹ ਬੰਦ ਕਰਨ ਦੀ ਮੰਗ ਨੂੰ ਲੈ ਕੇ ਲੋਕ ਸੰਘਰਸ਼ ਮੰਚ ਦੇ ਸੱਦੇ ‘ਤੇ ਸ਼ਹਿਰ ਵਾਸੀਆਂ ਵੱਲੋਂ ਵਰ੍ਹਦੇ ਮੀਂਹ ਵਿੱਚ ਮੁਜ਼ਾਹਰਾ ਕਰਕੇ ਪੁਲਸ ਦੇ ਬੈਰੀਕੇਡ ਤੋੜ ਕੇ ਕੋ-ਜੈਨਰੇਸ਼ਨ ਪਾਵਰ ਪਲਾਂਟ ਦਾ ਘਿਰਾਓ ਕੀਤਾ ਗਿਆ | ਪਿਛਲੇ ਦੋ ਮਹੀਨਿਆਂ ਤੋਂ ਡਿੱਗ ਰਹੀ ਖਤਰਨਾਕ ਸੁਆਹ ਨੂੰ ਪੱਕੇ ਤੌਰ ਉੱਤੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਚ ਵੱਲੋਂ ਪਾਵਰ ਪਲਾਂਟ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ | ਇਹ ਘਿਰਾਓ ਤਿੰਨ ਘੰਟੇ ਤੱਕ ਜਾਰੀ ਰਿਹਾ | ਘਿਰਾਓ ਵਿੱਚ ਰੇਹੜੀ ਵਰਕਰਜ਼ ਯੂਨੀਅਨ, ਆਟੋ ਵਰਕਰਜ਼ ਯੂਨੀਅਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਇਫਟੂ, ਏਟਕ, ਸ਼ਿਵ ਸੈਨਾ, ਐੱਮ ਸੀ, ਔਰਤ ਜਥੇਬੰਦੀਆਂ, ਧਾਰਮਕ-ਸਮਾਜਕ-ਸਵੈਸੇਵੀ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਘਿਰਾਓ ਵਿੱਚ ਭਰਵੀਂ ਸ਼ਮੂਲੀਅਤ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਕਿ ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਸ਼ਹਿਰ ਵਾਸੀਆਂ ਨੂੰ ਖਤਰਨਾਕ ਬਿਮਾਰੀਆਂ ਲਾ ਰਹੀ ਹੈ, ਇਸ ਲਈ ਸ਼ਹਿਰ ਦੇ ਲੋਕ ਇਹ ਸਾਰਾ ਕੁਝ ਚੁੱਪਚਾਪ ਨਹੀਂ ਸਹਿ ਸਕਦੇ | ਇਹ ਸ਼ਹਿਰ ਵਾਸੀਆਂ ਦੀ ਤੇ ਉਹਨਾਂ ਦੇ ਫੁੱਲਾਂ ਵਰਗੇ ਬੱਚਿਆਂ ਦੀ ਜ਼ਿੰਦਗੀ ਉੱਤੇ ਮਾੜਾ ਅਸਰ ਪਾ ਰਹੀ ਹੈ | ਪਾਵਰ ਪਲਾਂਟ ਦੇ ਪ੍ਰਬੰਧਕ ਹਰ ਰੋਜ਼ ਨਵਾਂ ਝੂਠ ਮਾਰ ਰਹੇ ਹਨ, ਪਰ ਸੁਆਹ ਬੰਦ ਨਹੀਂ ਕਰ ਰਹੇ | ਪ੍ਰਸ਼ਾਸਨ ਮੀਟਿੰਗਾਂ ਕਰਦਾ ਹੈ, ਪਰ ਮੀਟਿੰਗਾਂ ਦੇ ਫੈਸਲੇ ਲਾਗੂ ਨਹੀਂ ਕਰਵਾਉਂਦਾ, ਸਗੋਂ ਸੁਆਹ ਦਾ ਕਹਿਰ ਵਰਤਾਉਣ ਲਈ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਹੋਰ ਤੇ ਹੋਰ ਸਮਾਂ ਦੇਈ ਜਾ ਰਿਹਾ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਅੱਖਾਂ ਮੀਟੀ ਬੈਠਾ ਹੈ, ਅਜਿਹਾ ਕਰਕੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ | ਪਾਵਰ ਪਲਾਂਟ ਪ੍ਰਬੰਧਕਾਂ ਨੂੰ ਇਸ ਮੁਜਰਮਾਨਾ ਕਾਰਵਾਈ ਲਈ ਸਜ਼ਾ ਮਿਲਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਕਿਸਾਨਾਂ ਦੇ ਇਕ ਗਰੁੱਪ ਦੇ ਦੋ ਲੀਡਰਾਂ ਨੇ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਇਸ਼ਾਰੇ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸ਼ਹਿਰ ਵਾਸੀਆਂ ਵਿਰੁੱਧ ਭੜਕਾਉਣ ਦੀ ਸਾਜ਼ਿਸ਼ ਰਚੀ, ਪਰ ਕਿਸਾਨਾਂ ਨੇ ਅਸਲੀਅਤ ਜਾਣ ਕੇ ਉਹਨਾਂ ਦੀ ਇਹ ਸਾਜਿਸ਼ ਫੇਲ੍ਹ ਕਰ ਦਿੱਤੀ |
ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਵੜੈਚ, ਸੋਹਨ ਸਿੰਘ ਸਲੇਮਪੁਰੀ, ਜਰਨੈਲ ਸਿੰਘ ਖਾਲਸਾ, ਬਿੱਲਾ ਗੁੱਜਰ, ਪੁਨੀਤ ਕਲੇਰ, ਪ੍ਰੋ. ਦਿਲਬਾਗ ਸਿੰਘ, ਸਤੀਸ਼ ਕੁਮਾਰ, ਅਸ਼ਵਨੀ ਜੋਸ਼ੀ, ਬਲਜਿੰਦਰ ਸਿੰਘ, ਲਲਿਤ ਓਹਰੀ, ਸਤਨਾਮ ਸਿੰਘ ਗੁਲਾਟੀ, ਬਲਵੀਰ ਕੁਮਾਰ, ਬੀਬੀ ਗੁਰਬਖਸ਼ ਕੌਰ ਸੰਘਾ, ਗੁਰਮਿੰਦਰ ਸਿੰਘ ਬਡਵਾਲ, ਪਰਮ ਸਿੰਘ ਖਾਲਸਾ ਐੱਮ ਸੀ, ਕੁਲਦੀਪ ਸਿੰਘ ਸੁਜੋਂ, ਹਰਮੇਸ਼ ਡੁਲੇਰੀਆ, ਜਸਪਾਲ ਸਿੰਘ ਗਿੱਦਾ, ਮੁਕੰਦ ਲਾਲ, ਪ੍ਰਵੀਨ ਕੁਮਾਰ, ਹਰੇ ਰਾਮ ਸਿੰਘ, ਕਮਲਜੀਤ ਸਨਾਵਾ, ਪਿ੍ਤਪਾਲ ਸਿੰਘ, ਬੂਟਾ ਸਿੰਘ ਮਹਿਮੂਦਪੁਰ ਤੇ ਬਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ ਸੁਆਹ ਦੇ ਮਸਲੇ ਉੱਤੇ ਸ਼ਹਿਰ ਵਾਸੀ ਹੁਣ ਉੱਠ ਖੜ੍ਹੇ ਹਨ, ਜਿਹਨਾਂ ਨੂੰ ਨਾ ਹੀ ਦਬਾਇਆ ਜਾ ਸਕਦਾ ਹੈ, ਨਾ ਹੀ ਭਰਮਾਇਆ ਜਾ ਸਕਦਾ ਹੈ | ਪਾਵਰ ਪਲਾਂਟ ਦੀ ਸੁਆਹ ਦੇ ਵਿਰੁੱਧ ਸ਼ਹਿਰ ਵਾਸੀਆਂ ਦੀ ਲਹਿਰ ਉੱਠ ਖੜ੍ਹੀ ਹੈ, ਜੋ ਇਹ ਸੰਘਰਸ਼ ਜਿੱਤਣ ਤੋਂ ਬਾਅਦ ਹੀ ਰੁਕੇਗੀ | ਇਸ ਮੌਕੇ ਪੂਨਮ ਮਾਣਕ, ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਚਰਨਜੀਤ ਸਿੰਘ, ਹਰਬੰਸ ਕੌਰ ਤੇ ਮਜਿੰਦਰ ਕੌਰ ਆਦਿ ਆਗੂ ਵੀ ਮੌਜੂਦ ਸਨ |

Related Articles

LEAVE A REPLY

Please enter your comment!
Please enter your name here

Latest Articles