ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ਸਿੰਘ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਉਣ ਵਾਲੇ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਬਣਾਈ ਗਈ ਜਾਂਚ ਨਿਗਰਾਨ ਕਮੇਟੀ ‘ਤੇ ਸਵਾਲ ਉਠਾਏ ਹਨ | ਪ੍ਰਧਾਨ ਖਿਲਾਫ ਦਿੱਲੀ ‘ਚ ਧਰਨਾ ਦੇਣ ਵਾਲੇ ਪਹਿਲਵਾਨਾਂ ਦੀ ਅਗਵਾਈ ਕਰਨ ਵਾਲੇ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਨੇ ਮੰਗਲਵਾਰ ਦੁਪਹਿਰ ਟਵੀਟ ਕਰਕੇ ਕਮੇਟੀ ਦੀ ਬਣਤਰ ‘ਤੇ ਇਤਰਾਜ਼ ਉਠਾਇਆ |
ਵਿਨੇਸ਼ ਤੇ ਪੂਨੀਆ ਨੇ ਤਿੰਨ ਵਜੇ ਇਕੱਠੇ ਟਵੀਟ ਕੀਤਾ, ਜਦਕਿ ਸਾਕਸ਼ੀ ਨੇ 3 ਵੱਜ ਕੇ 40 ਮਿੰਟ ‘ਤੇ ਵੱਖਰਾ ਟਵੀਟ ਕੀਤਾ | ਤਿੰਨਾਂ ਨੇ ਲਿਖਿਆ—ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਨਿਗਰਾਨ ਕਮੇਟੀ ਦੇ ਗਠਨ ਤੋਂ ਪਹਿਲਾਂ ਸਾਡੇ ਨਾਲ ਮਸ਼ਵਰਾ ਕੀਤਾ ਜਾਵੇਗਾ | ਬੜੇ ਦੁੱਖ ਦੀ ਗੱਲ ਹੈ ਕਿ ਇਸ ਕਮੇਟੀ ਦੇ ਗਠਨ ਤੋਂ ਪਹਿਲਾਂ ਸਾਥੋਂ ਰਾਇ ਵੀ ਨਹੀਂ ਲਈ ਗਈ | ਤਿੰਨਾਂ ਨੇ ਟਵੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਟੈਗ ਕੀਤਾ ਹੈ | ਠਾਕੁਰ ਨੇ ਕਮੇਟੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਚਾਰ ਹਫਤਿਆਂ ਵਿਚ ਰਿਪੋਰਟ ਦੇਵੇਗੀ | ਕੌਮਾਂਤਰੀ ਮੁੱਕੇਬਾਜ਼ ਮੈਰੀ ਕੌਮ ਦੀ ਅਗਵਾਈ ਵਿਚ ਬਣਾਈ ਗਈ ਕਮੇਟੀ ਵਿਚ ਪਹਿਲਵਾਨ ਯੋਗੇਸ਼ਵਰ ਦੱਤ, ਦ੍ਰੋਣਾਚਾਰੀਆ ਐਵਾਰਡੀ ਤਿ੍ਪਤੀ ਮੁਰਗੁੰਡੇ, ਟੌਪਸ ਦੇ ਸੀ ਈ ਓ ਰਾਜਗੋਪਾਲਨ ਤੇ ਰਾਧਾ ਸ੍ਰੀਮਨ ਸ਼ਾਮਲ ਹਨ |
ਵਿਨੇਸ਼ ਦੇ ਟਵੀਟ ਦੇ ਬਾਅਦ ਮਾਮਲਾ ਫਿਰ ਗਰਮ ਹੋ ਗਿਆ ਹੈ | ਉਸ ਨੇ ਲਿਖਿਆ ਹੈ—ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ | ਉਸ ਨੇ ਦੂਜੇ ਟਵੀਟ ਵਿਚ ਕਿਹਾ—ਮੁਕਾਮ ਵੱਡਾ ਹੋਵੇ ਤਾਂ ਹੌਸਲਿਆਂ ‘ਚ ਬੁਲੰਦੀ ਰੱਖਣਾ | ਪੂਨੀਆ ਨੇ ਕਿਹਾ ਹੈ ਕਿ ਉਹ ਅਰਜੁਨ ਐਵਾਰਡੀ ਕੁਸ਼ਤੀ ਕੋਚ ਕ੍ਰਿਪਾਸ਼ੰਕਰ ਬਿਸ਼ਨੋਈ ਦੇ ਇਸ ਬਿਆਨ ਦਾ ਸਮਰਥਨ ਕਰਦੇ ਹਨ ਕਿ ਕੁਸ਼ਤੀ ਵਿਚ ਕਈ ਗੜਬੜੀਆਂ ਹਨ ਤੇ ਉਨ੍ਹਾ ਦੀ ਵੀ ਕਿਸੇ ਨੇ ਨਹੀਂ ਸੁਣੀ | ਬਿਸ਼ਨੋਈ ਨੇ 17 ਦਸੰਬਰ 2022 ਵਿਚ ਫੈਡਰੇਸ਼ਨ ਨੂੰ ਮੇਲ ਰਾਹੀਂ ਦੱਸਿਆ ਸੀ ਕਿ 28 ਰੈਫਰੀ ਨੌਸਿਖੀਏ ਹਨ | ਬਿਸ਼ਨੋਈ ਨੇ ਕਿਹਾ ਸੀ ਕਿ ਫੈਡਰੇਸ਼ਨ ਵਿਚ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ | ਸਹਾਇਕ ਸਕੱਤਰ ਵਿਨੋਦ ਤੋਮਰ ਚਿਹਰਾ ਦੇਖ ਕੇ ਤੈਅ ਕਰਦੇ ਹਨ ਕਿ ਪਹਿਲਵਾਨ ਦੀ ਉਮਰ ਕੀ ਹੈ? ਸਰਟੀਫਿਕੇਟ ਨੂੰ ਨਹੀਂ ਮੰਨਦੇ |