ਫਾਸ਼ੀ ਹਾਕਮ ਸੱਤਾ ਉੱਤੇ ਪਕੜ ਬਣਾਈ ਰੱਖਣ ਲਈ ਹਰ ਹਰਬਾ ਵਰਤਦੇ ਹਨ | ਲੋਕਤੰਤਰ ਰਾਹੀਂ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਉਨ੍ਹਾਂ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਲੋਕਤੰਤਰੀ ਵਿਵਸਥਾ ਦੇ ਚਾਰੇ ਥੰਮ੍ਹਾਂ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਜਾਵੇ ਤਾਂ ਜੋ ਉਨ੍ਹਾਂ ਦੀ ਤਾਨਾਸ਼ਾਹੀ ਨੂੰ ਕੋਈ ਖ਼ਤਰਾ ਨਾ ਰਹੇ | ਮੋਦੀ ਹਕੂਮਤ ਨੇ ਆਪਣੇ ਨੌਂ ਸਾਲ ਦੇ ਕਾਰਜਕਾਲ ਦੌਰਾਨ ਇਹੋ ਕੁਝ ਕੀਤਾ ਹੈ | ਪਹਿਲਾਂ ਲਾਲਚ, ਦਬਾਅ ਤੇ ਤਾਕਤ ਦੇ ਜ਼ੋਰ ਨਾਲ ਪ੍ਰੈਸ ਦੀ ਅਜ਼ਾਦੀ ਦਾ ਗਲਾ ਘੱੁਟਿਆ ਗਿਆ | ਵਿਧਾਨ ਪਾਲਿਕਾ ਉੱਤੇ ਤਾਂ ਉਹ ਕਾਬਜ਼ ਹਨ ਹੀ, ਕਾਰਜ ਪਾਲਿਕਾ ਦੇ ਅਹਿਮ ਅੰਗਾਂ ਸੀ ਬੀ ਆਈ, ਈ ਡੀ, ਸੁਰੱਖਿਆ ਏਜੰਸੀਆਂ ਤੇ ਚੋਣ ਕਮਿਸ਼ਨ ਵਿੱਚ ਸੰਘ ਦੀ ਵਿਚਾਰਧਾਰਾ ਵਾਲੇ ਨੌਕਰਸ਼ਾਹਾਂ ਨੂੰ ਭਰ ਕੇ ਉਨ੍ਹਾਂ ਨੂੰ ਆਪਣੀਆਂ ਬਾਂਦੀਆਂ ਬਣਾ ਲਿਆ ਗਿਆ ਹੈ |
ਇੱਕੋ-ਇੱਕ ਨਿਆਂ ਪਾਲਿਕਾ ਹੀ ਬਚਦੀ ਸੀ, ਜਿਸ ਉੱਤੇ ਕਬਜ਼ੇ ਲਈ ਇਸ ਸਮੇਂ ਹਾਕਮ ਤਰਲੋ ਮੱਛੀ ਹੋ ਰਹੇ ਹਨ | ਇਸ ਸਮੇਂ ਸੱਤਾਧਾਰੀਆਂ ਵੱਲੋਂ ਨਿਆਂ ਪਾਲਿਕਾ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ | ਕੋਈ ਨਿਆਂ ਪਾਲਿਕਾ ਨੂੰ ਹੱਦ ਵਿੱਚ ਰਹਿਣ ਦੀਆਂ ਹਦਾਇਤਾਂ ਦੇ ਰਿਹਾ ਹੈ | ਉਪ ਰਾਸ਼ਟਰਪਤੀ ਜਗਦੀਪ ਧਨਖੜ ਸੁਪਰੀਮ ਕੋਰਟ ਉੱਤੇ ਸੰਸਦ ਦੇ ਕੰਮਾਂ ਵਿੱਚ ਅੜਿੱਕਾ ਡਾਹੁਣ ਦਾ ਦੋਸ਼ ਲਾ ਕੇ ਉਸ ਨੂੰ ਹੱਦ ਵਿੱਚ ਰਹਿਣ ਦੀਆਂ ਸਲਾਹਾਂ ਦੇ ਰਿਹਾ ਹੈ | ਅਸਲ ਲੜਾਈ ਸਿਰਫ਼ ਜੱਜਾਂ ਦੀ ਨਿਯੁਕਤੀ ਲਈ ਬਣਾਈ ਗਈ ਕਾਲੇਜੀਅਮ ਪ੍ਰਣਾਲੀ ਵਿਰੁੱਧ ਹੀ ਨਹੀਂ, ਸਗੋਂ ਸੰਵਿਧਾਨ ਵਿਰੁੱਧ ਹੈ, ਜਿਸ ਨੂੰ ਬਦਲੇ ਬਗੈਰ ਸੰਘ ਦਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਦਾ |
ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਵੱਲੋਂ ਦਿੱਤੇ ਬਿਆਨ ਵਿੱਚ ਕਿਹਾ ਗਿਆ ਸੀ ਕਿ ”ਭਾਰਤੀ ਸੰਵਿਧਾਨ ਦਾ ਬੁਨਿਆਦੀ ਢਾਂਚਾ ਧਰੂ ਤਾਰੇ ਵਾਂਗ ਹੈ, ਜੋ ਹਰ ਸਮੇਂ ਸਾਨੂੰ ਰਾਹ ਦਿਖਾਉਂਦਾ ਰਹਿੰਦਾ ਹੈ | ਚੀਫ਼ ਜਸਟਿਸ ਨੂੰ ਇਹ ਤਦ ਕਹਿਣਾ ਪਿਆ ਕਿਉਂਕਿ ਉਪ ਰਾਸ਼ਟਰਪਤੀ ਧਨਖੜ ਵੱਲੋਂ ਸੰਵਿਧਾਨ ਦੇ ਬੁਨਿਆਦੀ ਢਾਂਚੇ ਉੱਤੇ ਹੀ ਹਮਲਾ ਕੀਤਾ ਗਿਆ ਸੀ | ਸੁਪਰੀਮ ਕੋਰਟ ਕੋਲ ਇਹ ਅਧਿਕਾਰ ਹੈ ਕਿ ਸੰਸਦ ਜਦੋਂ ਕੋਈ ਨਵਾਂ ਕਾਨੂੰਨ ਪਾਸ ਕਰਦੀ ਹੈ ਤਾਂ ਉਸ ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਕਸਵੱਟੀ ਉੱਤੇ ਪਰਖ ਕੇ ਰੱਦ ਕੀਤਾ ਜਾ ਸਕਦਾ ਹੈ |
ਇਸ ਸਮੇਂ ਅਜਿਹੀ ਹੀ ਸਥਿਤੀ ਇਸਰਾਈਲ ਵਿੱਚ ਬਣੀ ਹੋਈ ਹੈ | ਉੱਥੇ ਵੀ ਸਾਡੇ ਦੇਸ਼ ਵਾਂਗ ਹੀ ਕੱਟੜ ਦੱਖਣਪੰਥੀ ਤੇ ਨਸਲਵਾਦੀ ਸਰਕਾਰ ਹੈ | ਬੇਂਜਾਮਿਨ ਨੇਤਨਯਾਹੂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਚੁੱਕੇ ਹਨ | ਨੇਤਨਯਾਹੂ ਮੋਦੀ ਦੇ ਪੱਕੇ ਦੋਸਤ ਹਨ | ਇਹ ਰਿਸ਼ਤੇ ਕਿੰਨੇ ਗਹਿਰੇ ਹਨ, ਉਸ ਦਾ ਭਾਰਤ ਵਿਚਲੇ ਇਸਰਾਈਲ ਦੇ ਰਾਜਦੂਤ ਵੱਲੋਂ ਜਾਰੀ ਕੀਤੇ ਗਏ ਇੱਕ ਕਲਿੱਪ ਤੋਂ ਸਹਿਜੇ ਹੀ ਲਾਇਆ ਜਾ ਸਕਦਾ | ਤਿੰਨ ਸਾਲ ਪਹਿਲਾਂ ਕੌਮਾਂਤਰੀ ਮਿੱਤਰਤਾ ਦਿਵਸ ਮੌਕੇ ਰਾਜਦੂਤ ਨੇ ਨੇਤਨਯਾਹੂ ਤੇ ਮੋਦੀ ਦੀ ਇੱਕ ਫੋਟੋ ਕਲਿੱਪ ਸ਼ੇਅਰ ਕੀਤੀ ਜੀ, ਜਿਸ ਦੇ ਪਿੱਛੇ ਸ਼ੋਅਲੇ ਫਿਲਮ ਦਾ ਗਾਣਾ ‘ਯੇ ਦੋਸਤੀ ਹਮ ਨਹੀਂ ਛੋੜੇਗੇ’ ਵੱਜ ਰਿਹਾ ਸੀ | ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਫਲਸਤੀਨੀ ਲੋਕਾਂ ਨਾਲ ਖੜ੍ਹੇ ਹੋਣ ਦੀ ਨਹਿਰੂ ਦੀ ਨੀਤੀ ਬਹੁਤ ਪਿੱਛੇ ਰਹਿ ਗਈ ਹੈ | ਨੇਤਨਯਾਹੂ 1996 ਵਿੱਚ ਪ੍ਰਧਾਨ ਮੰਤਰੀ ਬਣੇ ਸਨ ਤੇ ਮੋਦੀ ਉਸ ਤੋਂ 18 ਸਾਲ ਬਾਅਦ 2014 ਵਿੱਚ | ਹਿਟਲਰ ਦਾ ਵਾਰਸ ਤਾਂ ਕੋਈ ਰਿਹਾ ਨਹੀਂ, ਇਸ ਲਈ ਸੱਤਾ ਸੰਘਰਸ਼ ਵਿੱਚ ਨੇਤਨਯਾਹੂ ਨਰਿੰਦਰ ਮੋਦੀ ਲਈ ‘ਧਰੂ-ਤਾਰਾ’ ਬਣੇ ਹੋਏ ਹਨ | ਉਹ ਸਭ ਨੁਸਖੇ ਉੱਥੋਂ ਹਾਸਲ ਕਰ ਰਹੇ ਹਨ | ਇਸਰਾਈਲ ਦਾ ਜਾਸੂਸੀ ਸਾਫ਼ਟਵੇਅਰ ਪੈਗਾਸਸ ਖਰੀਦ ਕੇ ਨਾਗਰਿਕਾਂ, ਪੱਤਰਕਾਰਾਂ ਤੇ ਵਿਰੋਧੀਆਂ ਦੀ ਜਾਸੂਸੀ ਕਰਨ ਦਾ ਸਾਡੀ ਸਰਕਾਰ ਨੇ ਉੱਥੋਂ ਹੀ ਗੁਰ ਸਿੱਖਿਆ ਸੀ |
ਹੁਣ ਨਿਆਂ ਪਾਲਿਕਾ ਨੂੰ ਕਾਬੂ ਕਰਨ ਲਈ ਵੀ ਮੋਦੀ ਸਰਕਾਰ ਨੇਤਨਯਾਹੂ ਦੇ ਪੈਰ ਚਿੰਨ੍ਹਾਂ ਉੱਤੇ ਚਲ ਰਹੀ ਹੈ | ਇਸਰਾਈਲ ਵਿੱਚ ਕੋਈ ਲਿਖਤੀ ਸੰਵਿਧਾਨ ਨਹੀਂ ਹੈ | ਉੱਥੇ ਸਾਡੇ ਵਾਂਗ ਹੀ ਸੱਤਾ ਦੀਆਂ ਮਨਮਾਨੀਆਂ ਉੱਤੇ ਰੋਕ ਲਾਉਣ ਦਾ ਕੰਮ ਉਥੋਂ ਦੀ ਸੁਪਰੀਮ ਕੋਰਟ ਕਰਦੀ ਹੈ | ਉੱਥੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਇੱਕ ਕਮੇਟੀ ਕਰਦੀ ਹੈ, ਜਿਸ ਵਿੱਚ ਕਾਰੋਬਾਰੀ, ਵਕੀਲ, ਜੱਜ ਤੇ ਕੁਝ ਸਰਕਾਰੀ ਨੁਮਾਇੰਦੇ ਸ਼ਾਮਲ ਹੁੰਦੇ ਹਨ | ਇਸ ਦੇ ਬਾਵਜੂਦ ਨੇਤਨਯਾਹੂ ਨੂੰ ਇਹ ਪ੍ਰਣਾਲੀ ਪਸੰਦ ਨਹੀਂ ਹੈ | ਉਹ ਨਿਆਂ ਪਾਲਿਕਾ ਦੇ ਖੰਭ ਕੁਤਰਨਾ ਚਾਹੁੰਦੇ ਹਨ | ਪਿਛਲੇ ਦਿਨੀਂ ਉੱਥੋਂ ਦੇ ਕਾਨੂੰਨ ਮੰਤਰੀ ਨੇ ਸੰਸਦ ਵਿੱਚ ਇਸ ਸੰਬੰਧੀ ਇੱਕ ਬਿੱਲ ਪੇਸ਼ ਕੀਤਾ ਸੀ | ਇਸ ਮੁਤਾਬਕ ਕਮੇਟੀ ਵਿੱਚ ਸਰਕਾਰੀ ਪ੍ਰਤੀਨਿਧਾਂ ਦੀ ਗਿਣਤੀ ਅੱਧੋਂ ਵੱਧ ਕੀਤੀ ਜਾਵੇਗੀ ਤਾਂ ਜੋ ਜੱਜਾਂ ਦੀ ਨਿਯੁਕਤੀ ਸਰਕਾਰ ਮੁਤਾਬਕ ਹੋ ਸਕੇ | ਇਸ ਤੋਂ ਬਿਨਾਂ ਬਿੱਲ ਵਿੱਚ ਇਹ ਵੀ ਦਰਜ ਹੈ ਕਿ ਸੰਸਦ ਵੱਲੋਂ ਪਾਸ ਕਾਨੂੰਨ ਨੂੰ ਸੁਪਰੀਮ ਕੋੋਰਟ ਰੱਦ ਨਹੀਂ ਕਰ ਸਕੇਗੀ ਤੇ ਸੰਸਦ ਬਹੁਸੰਮਤੀ ਨਾਲ ਸੁਪਰੀਮ ਕੋਰਟ ਦੇ ਕਿਸੇ ਵੀ ਫ਼ੈਸਲੇ ਨੂੰ ਬਦਲ ਸਕੇਗੀ | ਕਾਨੂੰਨ ਮੰਤਰੀ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਸਾਂਸਦ ਚੋਣ ਲੜ ਕੇ ਆਉਂਦੇ ਹਨ ਤੇ ਜੱਜਾਂ ਦੀ ਨਿਯੁਕਤੀ ਹੁੰਦੀ ਹੈ | ਇਸ ਲਈ ਦੇਸ਼ ਨੂੰ ਬਿਨਾਂ ਰੋਕ-ਟੋਕ ਚਲਾਉਣ ਦਾ ਅਧਿਕਾਰ ਸੰਸਦ ਕੋਲ ਹੋਣਾ ਚਾਹੀਦਾ ਹੈ ਨਾ ਕਿ ਸੁਪਰੀਮ ਕੋਰਟ ਕੋਲ |
ਇਸਰਾਈਲ ਦੇ ਕਾਨੂੰਨ ਮੰਤਰੀ ਦੇ ਬਿਆਨ ਤੇ ਸਾਡੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਤੇ ਹੋਰ ਭਾਜਪਾ ਮੰਤਰੀਆਂ ਦੇ ਬਿਆਨ ਤੋਂ ਤਾਂ ਇੱਦਾਂ ਲਗਦਾ ਜਿਵੇਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਸਲਾਹਕਾਰ ਇੱਕੋ ਹੋਵੇ | ਫ਼ਰਕ ਸਿਰਫ਼ ਇਹ ਹੈ ਕਿ ਇਸਰਾਈਲ ਵਿੱਚ ਨੇਤਨਯਾਹੂ ਸਰਕਾਰ ਦੀਆਂ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਸਮੁੱਚਾ ਦੇਸ਼ ਉਠ ਖੜਿ੍ਹਆ ਹੈ ਤੇ ਲੱਖਾਂ ਲੋਕ ਸੜਕਾਂ ਉੱਤੇ ਨਿਕਲ ਰਹੇ ਹਨ, ਪਰ ਭਾਰਤ ਵਿੱਚ ਨਿਆਂ ਪਾਲਿਕਾ ਉੱਤੇ ਹਮਲੇ ਵਿਰੁੱਧ ਕੋਈ ਵੀ ਵਾਵੇਲਾ ਨਹੀਂ | ਇਸ ਤੋਂ ਸਾਫ਼ ਹੈ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਵਿਰੋਧੀ ਕੇਸਾਂ ਨੂੰ ਲਟਕਾਈ ਰੱਖਣ ਕਾਰਨ ਆਮ ਲੋਕਾਂ ਦਾ ਉਸ ਵਿੱਚ ਭਰੋਸਾ ਘਟਿਆ ਹੈ | ਇਸ ਦੇ ਬਾਵਜੂਦ ਸਾਡਾ ਮੰਨਣਾ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਹਰ ਜਮਹੂਰੀਅਤ ਪਸੰਦ ਨਾਗਰਿਕ ਨੂੰ ਹਿੱਸਾ ਪਾਉਣਾ ਚਾਹੀਦਾ ਹੈ |
-ਚੰਦ ਫਤਿਹਪੁਰੀ





