ਅੰਮ੍ਰਿਤਸਰ : ਪੰਜਾਬ ਤੋਂ ਕੌਮਾਂਤਰੀ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਤਰ ਏਅਰਵੇਜ਼ ਨੇ ਅਪਰੈਲ ਦੇ ਆਖਰੀ ਹਫ਼ਤੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਈਰਾਨ-ਇਜ਼ਰਾਈਲ ਟਕਰਾਅ ਕਾਰਨ ਕਤਰ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਏਅਰਲਾਈਨ ਹਫ਼ਤੇ ਵਿੱਚ ਸਿਰਫ਼ ਦੋ ਉਡਾਣਾਂ ਹੀ ਚਲਾ ਰਹੀ ਸੀ। ਦੋਹਾ ਤੋਂ ਆਉਣ ਵਾਲੀ ਫਲਾਈਟ ਰਾਤ 2:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜਦੋਂ ਕਿ ਇੱਥੋਂ ਵਾਪਸੀ ਦੀ ਉਡਾਣ ਦੁਪਹਿਰ 3:30 ਵਜੇ ਰਵਾਨਾ ਹੁੰਦੀ ਹੈ। ਇਹ ਸੇਵਾ ਦੋਹਾ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੇ ਪੰਜਾਬੀ ਮੁਸਾਫਰਾਂ ਲਈ ਬੇਹੱਦ ਅਹਿਮ ਮੰਨੀ ਜਾਂਦੀ ਹੈ।
ਏਅਰ ਇੰਡੀਆ ਐੱਕਸਪ੍ਰੈੱਸ ਨੇ ਵੀ ਸ਼ਾਰਜਾਹ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਬਹਾਲ ਕਰ ਦਿੱਤੀਆਂ ਹਨ। ਯੁੱਧ ਕਾਰਨ ਗਲਫ ਦੇਸ਼ਾਂ ਨੂੰ ਜਾਣ ਵਾਲੀਆਂ ਕਈ ਉਡਾਣਾਂ ਪ੍ਰਭਾਵਤ ਹੋਈਆਂ ਸਨ।





