ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਈਰਾਨ ਵੱਲੋਂ ਜੰਗ ਖਤਮ ਕਰਨ ਲਈ ਪੇਸ਼ ਕੀਤੀ ਗਈ ਤਾਜ਼ਾ ਤਜਵੀਜ਼ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਅਜਿਹੀਆਂ ਮੰਗਾਂ ਰੱਖ ਰਿਹਾ ਹੈ, ਜਿਨ੍ਹਾਂ ਨੂੰ ਉਹ ਕਦੇ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾ ਦਾ ਇਹ ਬਿਆਨ ਸੰਕੇਤ ਦਿੰਦਾ ਹੈ ਕਿ ਦੋ ਮਹੀਨਿਆਂ ਤੋਂ ਜਾਰੀ ਇਸ ਖੂਨੀ ਜੰਗ ਦਾ ਹੱਲ ਫਿਲਹਾਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਅਮਰੀਕਾ ਦੇ ਆਪਣੇ ਪੁਰਾਣੇ ਸਹਿਯੋਗੀ ਦੇਸ਼ਾਂ ਨਾਲ ਸਬੰਧ ਵੀ ਸੁਖਾਵੇਂ ਨਹੀਂ ਰਹੇ। ਟਰੰਪ ਪ੍ਰਸ਼ਾਸਨ ਨੇ ਜਰਮਨੀ ਤੋਂ ਆਪਣੇ 5,000 ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਅਚਨਚੇਤ ਐਲਾਨ ਕਰ ਦਿੱਤਾ ਹੈ। ਇਹ ਕਦਮ ਜਰਮਨ ਚਾਂਸਲਰ ਫਰੀਡਰਿਕ ਮਰਜ਼ ਦੀ ਉਸ ਟਿੱਪਣੀ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਅਮਰੀਕਾ ਕੋਲ ਜੰਗ ਤੋਂ ਬਾਹਰ ਨਿਕਲਣ ਦੀ ਕੋਈ ਸਪੱਸ਼ਟ ਰਣਨੀਤੀ ਨਹੀਂ। ਪੈਂਟਾਗਨ ਦੇ ਅਧਿਕਾਰੀਆਂ ਨੇ ਜਰਮਨ ਚਾਂਸਲਰ ਦੇ ਬਿਆਨ ਨੂੰ ‘ਗੈਰ-ਜ਼ਰੂਰੀ ਅਤੇ ਅਪਮਾਨਜਨਕ’ ਕਰਾਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਕਿਹਾ ਕਿ ਤਹਿਰਾਨ ਕੂਟਨੀਤੀ ਲਈ ਤਿਆਰ ਹੈ, ਪਰ ਇਸ ਲਈ ਅਮਰੀਕਾ ਨੂੰ ਆਪਣਾ ‘ਧਮਕੀ ਭਰਿਆ ਲਹਿਜ਼ਾ’ ਬਦਲਣਾ ਹੋਵੇਗਾ। ਉਨ੍ਹਾ ਇਹ ਵੀ ਚਿਤਾਵਨੀ ਦਿੱਤੀ ਕਿ ਈਰਾਨ ਦੀਆਂ ਹਥਿਆਰਬੰਦ ਸੈਨਾਵਾਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।




