ਨਵੀਂ ਦਿੱਲੀ : ਹਾਕੀ ਇੰਡੀਆ ਦੀ 117ਵੀਂ ਕਾਰਜਕਾਰੀ ਬੋਰਡ ਮੀਟਿੰਗ ਨਵੀਂ ਦਿੱਲੀ ਵਿਖੇ ਸਥਿਤ ਮੁੱਖ ਦਫ਼ਤਰ ਵਿੱਚ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਕੁਮਾਰ ਟਿਰਕੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਮੀਟਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਪੰਜਾਬ ਵਿੱਚ ਪ੍ਰਸਤਾਵਿਤ ਏਸ਼ੀਆਈ ਹਾਕੀ ਚੈਂਪਿਅਨਸ਼ਿਪ ਸਬੰਧੀ ਚਰਚਾ ਲਈ ਸਮਰਪਿਤ ਰਿਹਾ, ਜੋ ਕਿ 5 ਅਕਤੂਬਰ ਤੋਂ 27 ਅਕਤੂਬਰ ਦੇ ਵਿਚਕਾਰ ਕਰਵਾਉਣ ਦਾ ਪ੍ਰਸਤਾਵ ਹੈ। ਬੋਰਡ ਵੱਲੋਂ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ, ਜਿਸ ਵਿੱਚ ਬੁਨਿਆਦੀ ਢਾਂਚੇ ਦੀ ਤਿਆਰੀ ਅਤੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਟੂਰਨਾਮੈਂਟ ਦੇ ਆਯੋਜਨ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਮੀਟਿੰਗ ਵਿੱਚ ਸਰਗਰਮ ਭਾਗ ਲਿਆ ਅਤੇ ਚੈਂਪਿਅਨਸ਼ਿਪ ਦੇ ਸਫਲ ਆਯੋਜਨ ਲਈ ਯੋਜਨਾ ਤੇ ਕਾਰਗੁਜ਼ਾਰੀ ਨਾਲ ਸੰਬੰਧਤ ਮਹੱਤਵਪੂਰਨ ਸੁਝਾਅ ਦਿੱਤੇ। ਮੀਟਿੰਗ ‘ਚ ਭੋਲਾ ਨਾਥ ਸਿੰਘ, ਸੇਕਰ ਜੇ. ਮਨੋਹਰਨ, ਐੱਸ ਵੀ ਐੱਸ ਸੁਬਰਾਮਨੀਆ ਗੁਪਤਾ, ਆਰਤੀ ਸਿੰਘ, ਸੁਨੀਲ ਮਲਿਕ, ਮਨੋਜ ਭੋਰੇ ਤੇ ਫਿਰੋਜ਼ ਅੰਸਾਰੀ ਸਮੇਤ ਹੋਰ ਪ੍ਰਮੁੱਖ ਮੈਂਬਰ ਮੌਜੂਦ ਸਨ।




