ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਘਰੇਲੂ ਪੇਟੈਂਟ ਫਾਈਲਿੰਗ ਨੇ ਦੇਸ਼ ਦੀਆਂ ਵਿਦੇਸ਼ੀ ਪੇਟੈਂਟ ਫਾਈਲਿੰਗਜ਼ ਨੂੰ ਪਛਾੜ ਦਿੱਤਾ ਹੈ | ਉਨ੍ਹਾ ਭਰੋਸਾ ਪ੍ਰਗਟਾਇਆ ਕਿ ਭਾਰਤ ਦਾ ‘ਟੈਕੇਡ’ (ਤਕਨੀਕੀ ਰੂਪ ‘ਚ ਸਮਰੱਥ ਬਣਨ) ਦਾ ਸੁਪਨਾ ਇਸ ਦੇ ਖੋਜਕਾਰਾਂ ਦੇ ਬਲ ‘ਤੇ ਪੂਰਾ ਹੋਵੇਗਾ | ਨਵੇਂ ਸਾਲ ਦੇ ਆਪਣੇ ਪਹਿਲੇ ਮਾਸਕ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ ਵਧ ਰਹੀ ਵਿਗਿਆਨਕ ਸਮਰੱਥਾ ਨੂੰ ਦਰਸਾਉਂਦਾ ਹੈ | ਉਨ੍ਹਾ ਕਿਹਾ ਕਿ ਪੇਟੈਂਟ ਫਾਈਲਿੰਗ ‘ਚ ਭਾਰਤ ਦਾ ਵਿਸ਼ਵ ਪੱਧਰ ‘ਤੇ ਸੱਤਵਾਂ ਦਰਜਾ ਹੈ, ਜਦੋਂ ਕਿ ਟਰੇਡਮਾਰਕ ਰਜਿਸਟਰੇਸ਼ਨ ‘ਚ ਇਹ ਪੰਜਵੇਂ ਸਥਾਨ ‘ਤੇ ਹੈ | ਪਿਛਲੇ ਪੰਜ ਸਾਲਾਂ ‘ਚ ਭਾਰਤ ਦੀ ਪੇਟੈਂਟ ਰਜਿਸਟਰੇਸ਼ਨ ‘ਚ 50 ਫੀਸਦੀ ਦਾ ਵਾਧਾ ਹੋਇਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਭਾਰਤੀ ਵਿਗਿਆਨ ਸੰਸਥਾਨ ਕੋਲ 2022 ‘ਚ 145 ਪੇਟੈਂਟ ਸਨ, ਜੋ ਕਿ ਇੱਕ ਦੁਰਲੱਭ ਰਿਕਾਰਡ ਹੈ | ਪਿਛਲੇ ਦਿਨੀਂ ਐਲਾਨੇ ਪਦਮ ਪੁਰਸਕਾਰਾਂ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਪਦਮ ਪੁਰਸਕਾਰਾਂ ‘ਚ ਬਹੁਤ ਸਾਰੇ ਆਦਿਵਾਸੀ ਲੋਕ ਜਾਂ ਭਾਈਚਾਰੇ ਲਈ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ, ਜਿਨ੍ਹਾਂ ਸੰਗੀਤ ਦੀ ਦੁਨੀਆ ਨੂੰ ਮਜ਼ਬੂਤ ਕੀਤਾ ਹੈ | ਉਨ੍ਹਾ ਲੋਕਾਂ ਨੂੰ ਪਦਮ ਪੁਰਸਕਾਰ ਜੇਤੂਆਂ ਬਾਰੇ ਪੜ੍ਹਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਨਵੀਂਆਂ ਪੀੜ੍ਹੀਆਂ ਨੂੰ ਪ੍ਰੇਰਤ ਕਰਨਗੀਆਂ |




