17.4 C
Jalandhar
Friday, November 22, 2024
spot_img

ਕੇਂਦਰ ਦਿੱਲੀ-ਲੁਧਿਆਣਾ ਸੈਕਟਰ ‘ਤੇ ਉਡਾਣਾਂ ਮੁੜ ਸ਼ੁਰੂ ਕਰਨ ਲਈ ਸਹਿਮਤ : ਅਰੋੜਾ

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਲੁਧਿਆਣਾ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਵਾਸੀਆਂ ਲਈ ਖੁਸ਼ਖਬਰੀ ਹੈ, ਕਿਉਂਕਿ ਕੇਂਦਰ ਨੇ ਲੁਧਿਆਣਾ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਸਹਿਮਤੀ ਦਿੱਤੀ ਹੈ | ਇੱਕ ਅਧਿਕਾਰਤ ਪੱਤਰ ਵਿੱਚ ਖੁਲਾਸਾ ਹੋਇਆ ਹੈ ਕਿ ਆਉਣ ਵਾਲੀਆਂ ਗਰਮੀਆਂ ਦੇ ਸੀਜ਼ਨ ਤੋਂ ਉਡਾਣਾਂ ਸੁਰੂ ਹੋਣਗੀਆਂ |
ਇੱਕ ਅਧਿਕਾਰਤ ਪੱਤਰ ਵਿੱਚ ਸਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ ਸਿੰਧੀਆ ਨੇ ਲੁਧਿਆਣਾ ਤੋਂ ‘ਆਪ’ ਦੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੂੰ ਸੂਚਿਤ ਕੀਤਾ ਹੈ ਕਿ ‘ਉਡਾਨ’ (ਉਡੇ ਦੇਸ਼ ਕਾ ਆਮ ਨਾਗਰਿਕ) ਰੂਟ ‘ਲੁਧਿਆਣਾ-ਦਿੱਲੀ-ਲੁਧਿਆਣਾ’ ਮੈਸਰਜ਼ ਅਲਾਇੰਸ ਏਅਰ ਨੂੰ 2017 ਤੋਂ ਸ਼ੁਰੂ ਹੋਈ ਬੋਲੀ ਦੇ ਪਹਿਲੇ ਦੌਰ ਵਿੱਚ ਦਿੱਤਾ ਗਿਆ ਸੀ | ਏਅਰਲਾਈਨ ਨੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 31 ਅਗਸਤ, 2020 ਨੂੰ ਰੂਟ ‘ਤੇ ਕੰਮ ਕਰਨਾ ਬੰਦ ਕਰ ਦਿੱਤਾ ਸੀ | ਵਰਤਮਾਨ ਵਿੱਚ, ਲੁਧਿਆਣਾ ਹਵਾਈ ਅੱਡੇ ‘ਤੇ ਕੋਈ ਨਿਰਧਾਰਤ ਉਡਾਣ ਸੰਚਾਲਨ ਨਹੀਂ ਹੈ | ਉਡਾਨ ਰੂਟ ‘ਹਿੰਡਨ ਲੁਧਿਆਣਾ ਹਿੰਡਨ’ ਨੂੰ ਉਡਾਨ 4.2 ਬੋਲੀ ਦੇ ਦੌਰ ਦੇ ਤਹਿਤ ਮੈਸਰਜ਼ ਬਿਗ ਚਾਰਟਰਜ ਨੂੰ 19-ਸੀਟਰ ਜਹਾਜ਼ਾਂ ਲਈ ਦਿੱਤਾ ਗਿਆ ਹੈ, ਜੋ ਕਿ ਗਰਮੀਆਂ ਦੀ ਸਮਾਂ-ਸਾਰਣੀ, 2023 ਵਿੱਚ ਕੰਮ ਸ਼ੁਰੂ ਕਰ ਸਕਦਾ ਹੈ |
17 ਜਨਵਰੀ, 2023 ਨੂੰ ਅਰੋੜਾ ਦੁਆਰਾ ਉਨ੍ਹਾ ਨੂੰ ਸੰਬੋਧਤ ਇੱਕ ਪੱਤਰ ਦੇ ਜਵਾਬ ਵਿੱਚ ਸਿੰਧੀਆ ਨੇ 27 ਜਨਵਰੀ ਨੂੰ ਆਪਣਾ ਅਧਿਕਾਰਤ ਪੱਤਰ ਭੇਜਿਆ | ਉਨ੍ਹਾ ਅਰੋੜਾ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਉਨ੍ਹਾ ਲੁਧਿਆਣਾ ਲਈ ਉਡਾਣਾਂ ‘ਤੇ ਵਿਚਾਰ ਕਰਨ ਲਈ ਸਾਰੀਆਂ ਏਅਰਲਾਈਨਾਂ ਨੂੰ ਆਪਣੀ ਬੇਨਤੀ ਭੇਜ ਦਿੱਤੀ ਹੈ |
ਅਰੋੜਾ ਨੇ 17 ਜਨਵਰੀ ਨੂੰ ਸਿੰਧੀਆ ਨੂੰ ਸੰਬੋਧਤ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਉਹ ਸਿੰਧੀਆ ਦਾ ਧਿਆਨ ਇੱਕ ਅਜਿਹੇ ਮਾਮਲੇ ਵੱਲ ਖਿੱਚਣਾ ਚਾਹੁੰਦੇ ਹਨ, ਜੋ ਯਾਤਰੀਆਂ ਅਤੇ ਪੰਜਾਬ ਵਿੱਚ ਲੁਧਿਆਣਾ ਦੇ ਵਸਨੀਕਾਂ ਲਈ ਮਹੱਤਵਪੂਰਨ ਹੈ | ਉਨ੍ਹਾ ਕਿਹਾ ਕਿ 27 ਦਸੰਬਰ, 2022 ਦੇ ਆਪਣੇ ਪਹਿਲੇ ਪੱਤਰ ਵਿੱਚ ਉਨ੍ਹਾ ਹਲਵਾਰਾ ਹਵਾਈ ਅੱਡਾ ਤਿਆਰ ਅਤੇ ਚਾਲੂ ਹੋਣ ਤੱਕ ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ ਲਈ ਉਡਾਣਾਂ ਮੁੜ ਸੁਰੂ ਕਰਨ ਦੀ ਬੇਨਤੀ ਕੀਤੀ ਸੀ |
ਉਹਨਾ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾ ਦੇ ਠੋਸ ਯਤਨਾਂ ਦੇ ਆਖਰਕਾਰ ਕੁਝ ਨਤੀਜੇ ਸਾਹਮਣੇ ਆਏ ਹਨ | ਉਨ੍ਹਾ ਕਿਹਾ, ‘ਮੈਂ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐੱਮ ਸਿੰਧੀਆ ਦਾ ਧੰਨਵਾਦੀ ਹਾਂ ਕਿ ਉਨ੍ਹਾ ਲੁਧਿਆਣਾ ਅਤੇ ਦਿੱਲੀ ਵਿਚਕਾਰ ਉਡਾਣਾਂ ਨੂੰ ਮੁੜ ਸੁਰੂ ਕਰਨ ਦੀ ਮੇਰੀ ਮੰਗ ‘ਤੇ ਵਿਚਾਰ ਕੀਤਾ ਅਤੇ ਸਵੀਕਾਰ ਕਰ ਲਿਆ |’
ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹ ਹਲਵਾਰਾ ਏਅਰਪੋਰਟ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਉਣਾ ਯਕੀਨੀ ਬਣਾਉਣਗੇ | ਸੂਬੇ ਵਿੱਚ ਹੋਰ ਹਵਾਈ ਅੱਡੇ ਸ਼ੁਰੂ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles