ਜਲੰਧਰ (ਸੁਰਿੰਦਰ ਕੁਮਾਰ)
ਨਸ਼ਾ ਵਿਰੋਧੀ ਫਰੰਟ ਲਖਨਪਾਲ ਤੇ ਧਨੀ ਪਿੰਡ ਦੇ ਆਗੂ ਨੰਬਰਦਾਰ ਰਾਮ ਗੋਪਾਲ ‘ਤੇ ਸ਼ਨੀਵਾਰ ਰਾਤ ਜਾਨਲੇਵਾ ਹਮਲਾ ਕੀਤਾ ਗਿਆ | ਉਨ੍ਹਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾ ਦੀ ਮੌਤ ਹੋ ਗਈ | ਹਮਲੇ ਵੇਲੇ ਉਹ ਮੋਟਰਸਾਈਕਲ ‘ਤੇ ਘਰ ਨੂੰ ਜਾ ਰਹੇ ਸਨ | ਪਿਛਿਓਾ ਕਾਲੇ ਰੰਗ ਦੀ ਇਨੋਵਾ ਗੱਡੀ ਨੇ ਮੋਟਰਸਾਈਕਲ ‘ਚ ਟੱਕਰ ਮਾਰੀ, ਜਿਸ ਨਾਲ ਉਹ ਡਿੱਗ ਪਏ | ਫਿਰ ਹਮਲਾਵਰਾਂ ਨੇ ਡੰਡੇ, ਰਾਡ ਆਦਿ ਨਾਲ ਹਮਲਾ ਕਰ ਦਿੱਤਾ | ਮਗਰੋਂ ਲੋਕਾਂ ਨੇ ਚੁੱਕ ਕੇ ਉਨ੍ਹਾ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਨ੍ਹਾ ਦੀ ਮੌਤ ਹੋ ਗਈ |
ਨਸ਼ਾ ਵਿਰੋਧੀ ਫਰੰਟ ਲਗਾਤਾਰ ਧਰਨੇ ਆਦਿ ਲਗਾ ਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਮੰਗ ਕਰ ਰਿਹਾ ਸੀ | ਰਾਮ ਗੋਪਾਲ ਨੇ ਕਈ ਵਾਰ ਮੀਡੀਆ ਰਾਹੀਂ ਅਤੇ ਖ਼ੁਦ ਪ੍ਰਸ਼ਾਸਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਬਾਰੇ ਦੱਸਿਆ ਸੀ | ਲੋਕਾਂ ਨੇ ਰੋਹ ‘ਚ ਆ ਕੇ ਐਤਵਾਰ ਫਗਵਾੜਾ-ਜੰਡਿਆਲਾ ਸੜਕ ਨੂੰ ਜਾਮ ਕਰ ਦਿੱਤਾ | ਧਰਨੇ ਵਿੱਚ ਜਲੰਧਰ ਛਾਉਣੀ ਤੋਂ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਸਿੰਘ ਸੋਢੀ ਵੀ ਸ਼ਾਮਲ ਹੋਏ | 50 ਸਾਲ ਦੇ ਰਾਮ ਗੋਪਾਲ ਧਨੀ ਪਿੰਡ ਦੇ ਨੰਬਰਦਾਰ ਤੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਸਨ | ਪੁਲਸ ਨੇ ਲਖਨਪਾਲ ਦੇ ਰਾਧੇ ਸ਼ਿਆਮ ਤੇ ਵਿਸ਼ਾਲ ਨੂੰ ਗਿ੍ਫਤਾਰ ਕਰ ਲਿਆ ਸੀ ਤੇ ਚਾਰ ਹੋਰਨਾਂ ਦੀ ਭਾਲ ਕਰ ਰਹੀ ਸੀ | ਪੁਲਸ ਨੇ ਕਾਰ ਤੇ ਵਰਤੇ ਗਏ ਹਥਿਆਰ ਫਿਲੌਰ ਨੇੜੇ ਗੰਨਾ ਪਿੰਡ ਤੋਂ ਬਰਾਮਦ ਕਰ ਲਏ ਸਨ |





