ਚੰਡੀਗੜ੍ਹ : ਮੌਸਮ ਵਿਭਾਗ ਮੁਤਾਬਕ 30 ਜਨਵਰੀ ਨੂੰ ਪੰਜਾਬ ਅਤੇ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਮੌਸਮ ਫਿਰ ਤੋਂ ਬਦਲੇਗਾ | ਐਤਵਾਰ ਤੋਂ ਹੀ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਬਰਫੀਲੀਆਂ ਹਵਾਵਾਂ ਚੱਲਣ ਨਾਲ ਠੰਢ ਕਾਫੀ ਵਧ ਗਈ ਹੈ | ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 48 ਘੰਟੇ ਮੀਂਹ ਪੈਣ ਦੇ ਆਸਾਰ ਹਨ | ਮੌਸਮ ਵਿਭਾਗ ਨੇ ਵੈਸਟਰਨ ਡਿਸਟਰਬੈਂਸ ਦੇ ਕਾਰਨ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈੈ | ਮੀਂਹ ਪੈਣ ਕਾਰਨ ਤਾਪਮਾਨ ‘ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ, ਹਰਿਆਣਾ ‘ਚ 30 ਜਨਵਰੀ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਪੰਜਾਬ, ਹਰਿਆਣਾ ਵਿੱਚ ਇਸ ਦੌਰਾਨ ਕਿਤੇ-ਕਿਤੇ ਗੜੇਮਾਰੀ ਵੀ ਹੋ ਸਕਦੀ ਹੈ | ਅਗਲੇ 48 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ 4 ਤੋਂ 6 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ | ਇਸ ਤੋਂ ਇਲਾਵਾ ਪੱਛਮੀ ਡਿਸਟਰਬੈਂਸ ਦਾ ਅਸਰ ਖਤਮ ਹੋਣ ਤੋਂ ਬਾਅਦ 31 ਜਨਵਰੀ ਤੋਂ ਫਿਰ ਠੰਢ ਦਾ ਦੌਰ ਸ਼ੁਰੂ ਹੋ ਸਕਦਾ ਹੈ, ਜਿਸ ਕਾਰਨ ਰਾਤ ਦਾ ਪਾਰਾ ਫਿਰ ਡਿੱਗ ਸਕਦਾ ਹੈ | ਮੌਸਮ ਵਿਭਾਗ ਨੇ ਪੰਜਾਬ ਦੇ ਕਿਸਾਨਾਂ ਨੂੰ 2 ਦਿਨ ਫਸਲਾਂ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ | ਮੀਂਹ ਦੌਰਾਨ ਬਿਜਲੀ ਚਮਕ ਸਕਦੀ ਹੈ | ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਇਸ ਦੌਰਾਨ ਲੋਕ ਆਸਰਾ ਲੈਣ ਲਈ ਦਰੱਖਤਾਂ ਥੱਲੇ ਨਾ ਜਾਣ |