ਓਡੀਸ਼ਾ ਦੇ ਸਿਹਤ ਮੰਤਰੀ ਨੂੰ ਗੋਲੀਆਂ ਮਾਰੀਆਂ

0
376

ਭੁਬਨੇਸ਼ਵਰ : ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਨੂੰ ਏ ਐੱਸ ਆਈ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ | ਮੰਤਰੀ ਐਤਵਾਰ ਝਾੜਸੁਗੜਾ ਦੇ ਬ੍ਰਜ ਰਾਜ ਨਗਰ ਵਿਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਪੁੱਜੇ ਸਨ | ਉਹ ਜਿਉਂ ਹੀ ਕਾਰ ਦੀ ਅਗਲੀ ਸੀਟ ਤੋਂ ਹੇਠਾਂ ਉਤਰੇ, ਏ ਐੱਸ ਆਈ ਨੇ ਉਨ੍ਹਾ ਦੇ ਸੀਨੇ ਵਿਚ ਦੋ ਗੋਲੀਆਂ ਮਾਰ ਦਿੱਤੀਆਂ | ਖੂਨ ਨਾਲ ਲੱਥਪੱਥ ਮੰਤਰੀ ਕਾਰ ਦੇ ਕੋਲ ਹੀ ਡਿੱਗ ਪਏ | ਹਮਲੇ ਦਾ ਕਾਰਨ ਫੌਰੀ ਤੌਰ ‘ਤੇ ਪਤਾ ਨਹੀਂ ਲੱਗਾ | ਦਾਸ ਨੂੰ ਏਅਰ ਲਿਫਟ ਕਰਕੇ ਭੁਬਨੇਸ਼ਵਰ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾ ਦੀ ਹਾਲਤ ਗੰਭੀਰ ਬਣੀ ਹੋਈ ਸੀ | ਮੁੱਖ ਮੰਤਰੀ ਨਵੀਨ ਪਟਨਾਇਕ ਉਨ੍ਹਾ ਨੂੰ ਦੇਖਣ ਹਸਪਤਾਲ ਪੁੱਜੇ |
ਏ ਐੱਸ ਆਈ ਗੋਪਾਲ ਦਾਸ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ | ਇਲਾਕੇ ਦੇ ਪ੍ਰਭਾਵਸ਼ਾਲੀ ਆਗੂ ਨਬ ਕਿਸ਼ੋਰ ਦਾਸ ਪਹਿਲੀ ਵਾਰ 2004 ਵਿਚ ਝਾਰਸੁਗੜਾ ਹਲਕੇ ਤੋਂ ਕਾਂਗਰਸ ਟਿਕਟ ‘ਤੇ ਲੜੇ ਸਨ, ਪਰ ਹਾਰ ਗਏ ਸਨ | ਇਸ ਦੇ ਬਾਅਦ ਕਾਂਗਰਸ ਟਿਕਟ ‘ਤੇ 2009 ਵਿਚ ਚੁਣੇ ਗਏ | 2014 ਵਿਚ ਉਹ ਬੀਜੂ ਜਨਤਾ ਦਲ ਦੀ ਟਿਕਟ ‘ਤੇ ਚੁਣੇ ਗਏ | ਨਬ ਕਿਸ਼ੋਰ ਓਡੀਸ਼ਾ ਦੇ ਸਭ ਤੋਂ ਅਮੀਰ ਮੰਤਰੀ ਦੱਸੇ ਜਾਂਦੇ ਹਨ | ਉਨ੍ਹਾ ਦੇ ਸੰਬਲਪੁਰ, ਭੁਬਨੇਸ਼ਵਰ ਤੇ ਝਾਰਸੁਗੜਾ ਦੀਆਂ ਕਈ ਬੈਂਕਾਂ ਵਿਚ 45 ਲੱਖ 12 ਹਜ਼ਾਰ ਰੁਪਏ ਜਮ੍ਹਾਂ ਹਨ | ਉਨ੍ਹਾ ਕੋਲ 15 ਕਰੋੜ ਰੁਪਏ ਦੀਆਂ ਕਰੀਬ 70 ਗੱਡੀਆਂ ਹਨ, ਜਿਨ੍ਹਾਂ ਵਿਚ ਇਕ ਕਰੋੜ 14 ਲੱਖ ਦੀ ਮਰਸਡੀਜ਼ ਬੈਂਜ ਵੀ ਹੈ | ਮੁੱਖ ਮੰਤਰੀ ਦੇ ਕਰੀਬੀ ਨਬ ਕਿਸ਼ੋਰ ਨੇ ਮਹਾਰਾਸ਼ਟਰ ਦੇ ਪ੍ਰਸਿੱਧ ਸ਼ਨੀ ਸ਼ਿੰਗਣਾਪੁਰ ਮੰਦਰ ਨੂੰ ਇੱਕ ਕਿੱਲੋ 700 ਗਰਾਮ ਦੇ ਸੋਨੇ ਤੇ ਪੰਜ ਕਿੱਲੋ ਚਾਂਦੀ ਦੇ ਕਲਸ਼ ਦਾਨ ਕੀਤੇ ਸਨ | ਉਹ 2015 ਵਿਚ ਅਸੰਬਲੀ ‘ਚ ਪੋਰਨ ਫਿਲਮ ਦੇਖਦੇ ਫੜੇ ਗਏ ਸਨ | ਉਦੋਂ ਸਪੀਕਰ ਨੇ ਉਨ੍ਹਾ ਨੂੰ ਹਫਤੇ ਲਈ ਮੁਅੱਤਲ ਕਰ ਦਿੱਤਾ ਸੀ | ਨਬ ਕਿਸ਼ੋਰ ਨੇ ਕਿਹਾ ਸੀ ਕਿ ਉਨ੍ਹਾ ਕਦੇ ਐਡਲਟ ਵੀਡੀਓ ਨਹੀਂ ਦੇਖੀ | ਇਹ ਇੰਟਰਨੈਟ ਦੀ ਵਰਤੋਂ ਦੌਰਾਨ ਗਲਤੀ ਹੋ ਗਈ ਸੀ, ਜਦੋਂ ਉਨ੍ਹਾ ਨੂੰ ਪਤਾ ਲੱਗਾ, ਉਨ੍ਹਾ ਬੰਦ ਕਰ ਦਿੱਤੀ ਸੀ |

LEAVE A REPLY

Please enter your comment!
Please enter your name here