ਨਵੀਂ ਦਿੱਲੀ : ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸੰਸਦ ਦੇ ਸਾਂਝੇ ਇਜਲਾਸ ‘ਚ ਮੰਗਲਵਾਰ ਕੀਤੀ ਗਈ ਤਕਰੀਰ ਦੀ ਇਹ ਕਹਿ ਕੇ ਨੁਕਤਾਚੀਨੀ ਕੀਤੀ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਲਈ ਇਲੈਕਸ਼ਨ ਸਪੀਚ ਸੀ, ਜਿਹੜੀ 2024 ਵਿਚ ਤੀਜੀ ਵਾਰ ਸੱਤਾ ‘ਚ ਆਉਣਾ ਚਾਹੁੰਦੀ ਹੈ |
ਥਰੂਰ ਨੇ ਕਿਹਾ—ਰਾਸ਼ਟਰਪਤੀ ਚੋਣ ਨਹੀਂ ਲੜਦੇ, ਪਰ ਉਨ੍ਹਾ ਦੀ ਤਕਰੀਰ ਤੋਂ ਜਾਪਦਾ ਹੈ ਕਿ ਭਾਜਪਾ ਸਰਕਾਰ ਆਪਣੀ ਅਗਲੀ ਚੋਣ ਮੁਹਿੰਮ ਉਨ੍ਹਾ ਰਾਹੀਂ ਸ਼ੁਰੂ ਕਰ ਰਹੀ ਹੈ | ਉਨ੍ਹਾ ਦੀ ਸਮੁੱਚੀ ਤਕਰੀਰ ਇਲੈਕਸ਼ਨ ਸਪੀਚ ਸੀ, ਜਿਸ ਵਿਚ ਸਰਕਾਰ ਵੱਲੋਂ ਕੀਤੇ ਗਏ ਹਰ ਕੰਮ ਨੂੰ ਸਲਾਹਿਆ ਗਿਆ ਅਤੇ ਜੋ ਨਹੀਂ ਕੀਤਾ, ਉਸ ਦਾ ਜ਼ਿਕਰ ਨਹੀਂ ਕੀਤਾ ਗਿਆ |
ਰਾਸ਼ਟਰਪਤੀ ਨੇ ਆਪਣੀ ਤਕਰੀਰ ਵਿਚ ਸਰਕਾਰ ਦੇ ਵਿਕਾਸ ਕਾਰਜਾਂ ਦੀ ਸਿਫਤ ਕੀਤੀ, ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦਿੰਦੀ ਧਾਰਾ 370 ਦੇ ਖਾਤਮੇ, ਜੰਮੂ-ਕਸ਼ਮੀਰ ਵਿਚ ਦਹਿਸ਼ਤਗਰਦਾਂ ਵਿਰੁੱਧ ਕਾਰਵਾਈ, ਤਿੰਨ ਤਲਾਕ ਨੂੰ ਖਤਮ ਕਰਨ ਅਤੇ ਡਿਫੈਂਸ ਸੈਕਟਰ ਦੀਆਂ ਬਰਾਮਦਾਂ ‘ਚ ਵਾਧੇ ਨੂੰ ਸਲਾਹਿਆ |
ਰਾਸ਼ਟਰਪਤੀ ਨੇ ਕਿਹਾ—ਅਸੀਂ 2047 ਤੱਕ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜੋ ਅਤੀਤ ਦੀ ਸ਼ਾਨ ਨਾਲ ਜੁੜਿਆ ਹੋਵੇ ਅਤੇ ਜਿਸ ‘ਚ ਆਧੁਨਿਕਤਾ ਦਾ ਹਰ ਸੁਨਹਿਰੀ ਅਧਿਆਏ ਹੋਵੇ | ਉਨ੍ਹਾ ਕਿਹਾ ਕਿ ਅਜਿਹਾ ਭਾਰਤ ਬਣਾਉਣਾ ਹੈ, ਜੋ ਆਤਮ-ਨਿਰਭਰ ਹੋਵੇ ਅਤੇ ਜੋ ਆਪਣੀਆਂ ਮਾਨਵਤਾਵਾਦੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਯੋਗ ਹੋਵੇ | ਭਾਰਤ ਵਾਸੀਆਂ ਨੇ ਮੇਰੀ ਸਰਕਾਰ ਦੇ ਕਰੀਬ ਨੌਂ ਸਾਲਾਂ ਦੇ ਸ਼ਾਸਨ ‘ਚ ਪਹਿਲੀ ਵਾਰ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਵੇਖੀਆਂ ਹਨ | ਅੱਜ ਸਭ ਤੋਂ ਵੱਡੀ ਤਬਦੀਲੀ ਇਹ ਆਈ ਹੈ ਕਿ ਹਰ ਭਾਰਤੀ ਦਾ ਆਤਮਵਿਸ਼ਵਾਸ ਸਿਖਰ ‘ਤੇ ਹੈ ਅਤੇ ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ ਹੈ |
ਉਨ੍ਹਾ ਕਿਹਾ—ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਸਿਆਸੀ ਅਸਥਿਰਤਾ ਕਾਰਨ ਉਥੋਂ ਦੇ ਦੇਸ਼ ਜ਼ਬਰਦਸਤ ਸੰਕਟ ਵਿਚ ਫਸ ਜਾਂਦੇ ਹਨ, ਪਰ ਮੇਰੀ ਸਰਕਾਰ ਵੱਲੋਂ ਦੇਸ਼ ਹਿੱਤ ਵਿਚ ਫੈਸਲੇ ਲੈਣ ਕਾਰਨ ਭਾਰਤ ਹੋਰਨਾਂ ਦੇਸ਼ਾਂ ਦੀ ਤੁਲਨਾ ‘ਚ ਬਿਹਤਰ ਪੁਜ਼ੀਸ਼ਨ ‘ਚ ਹੈ | ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਤਕਰੀਰ ਨੇ ਉਹੀ ਦੁਹਰਾਇਆ, ਜੋ ਸਰਕਾਰ ਚਾਹੁੰਦੀ ਤੇ ਕਰਦੀ ਹੈ | ਰਾਸ਼ਟਰਪਤੀ ਨੇ ਬੇਰੁਜ਼ਗਾਰੀ ਦੀ ਗੱਲ ਹੀ ਨਹੀਂ ਕੀਤੀ |ਕਾਂਗਰਸ ਨੇ ਮੰਗਲਵਾਰ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਹੋਰ ਸੰਸਦ ਮੈਂਬਰ ਸ੍ਰੀਨਗਰ ਤੋਂ ਉਡਾਣਾਂ ‘ਚ ਦੇਰੀ ਕਾਰਨ ਬੱਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਣ ‘ਚ ਸ਼ਾਮਲ ਨਹੀਂ ਹੋ ਸਕੇ |