ਸੰਸਦ ਦੇ ਸ਼ੁਰੂ ਹੋ ਚੁੱਕੇ ਬਜਟ ਸੈਸ਼ਨ ਤੋਂ ਪਹਿਲਾਂ 30 ਜਨਵਰੀ ਨੂੰ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਸਮੂਹ ਉੱਤੇ ਲਾਏ ਗਏ ਧੋਖਾਦੇਹੀ ਦੇ ਦੋਸ਼ਾਂ ਦਾ ਮੁੱਦਾ ਛਾਇਆ ਰਿਹਾ | ਯਾਦ ਰਹੇ ਕਿ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਐਲ ਆਈ ਸੀ ਤੇ ਐਸ ਬੀ ਆਈ ਸਮੇਤ ਕਈ ਸਰਕਾਰੀ ਕੰਪਨੀਆਂ ਨੇ ਵੱਡੀ ਪੱਧਰ ‘ਤੇ ਨਿਵੇਸ਼ ਕੀਤਾ ਹੋਇਆ ਹੈ | ਹਿੰਡਨਬਰਗ ਰਿਸਰਚ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ | ਸਰਕਾਰ ਨੇ ਵਿਰੋਧੀ ਪਾਰਟੀਆਂ ਵੱਲੋਂ ਅਡਾਨੀ ਸਮੂਹ ਉੱਤੇ ਲਾਏ ਦੋਸ਼ਾਂ ਬਾਰੇ ਪਾਸਾ ਵੱਟਦਿਆਂ ਇਹ ਲਾਰਾ ਲਾ ਦਿੱਤਾ ਕਿ ਸਰਕਾਰ ਸੰਸਦ ਵਿੱਚ ਹਰ ਮੁੱਦੇ ਉੱਤੇ ਜਵਾਬ ਦੇਵੇਗੀ |
ਇਸ ਦੌਰਾਨ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਵੱਲੋਂ ਦਿੱਤੀ ਸਫਾਈ ਨੂੰ ਖਾਰਜ ਕਰਦਿਆਂ ਕਿਹਾ ਕਿ ਧੋਖਾਦੇਹੀ ਨੂੰ ਰਾਸ਼ਟਰਵਾਦ ਦੇ ਪਰਦੇ ਹੇਠ ਢਕਿਆ ਨਹੀਂ ਜਾ ਸਕਦਾ | ਅਡਾਨੀ ਸਮੂਹ ਨੇ 29 ਜਨਵਰੀ ਨੂੰ ਹਿੰਡਨਬਰਗ ਵੱਲੋਂ ਲਾਏ ਦੋਸ਼ਾਂ ਬਾਰੇ 413 ਸਫਿਆਂ ਦੀ ਰਿਪੋਰਟ ਪੇਸ਼ ਕਰਕੇ ਦੋਸ਼ਾਂ ਦਾ ਖੰਡਨ ਕੀਤਾ ਸੀ | ਇਸ ਵਿੱਚ ਅਡਾਨੀ ਸਮੂਹ ਨੇ ਕਿਹਾ ਸੀ ਕਿ ਹਿੰਡਨਬਰਗ ਦੀ ਰਿਪੋਰਟ ਨਿਰਅਧਾਰ ‘ਤੇ ਝੂਠਾ ਬਜ਼ਾਰ ਪੈਦਾ ਕਰਕੇ ਅਮਰੀਕੀ ਕੰਪਨੀਆਂ ਨੂੰ ਵਿੱਤੀ ਲਾਭ ਪੁਚਾਉਣ ਦੀ ਨੀਅਤ ਨਾਲ ਜਾਰੀ ਕੀਤੀ ਗਈ ਹੈ | ਇਹ ਸਿਰਫ਼ ਇੱਕ ਵਿਸ਼ੇਸ਼ ਕੰਪਨੀ ਉੱਤੇ ਹਮਲਾ ਨਹੀਂ, ਬਲਕਿ ਭਾਰਤੀ ਅਦਾਰਿਆਂ ਦੀ ਸੁਤੰਤਰਤਾ, ਅਖੰਡਤਾ, ਹੁਨਰ ਤੇ ਵਿਕਾਸ ਰਾਹੀਂ ਅੱਗੇ ਵਧ ਰਹੇ ਭਾਰਤ ਉੱਤੇ ਯੋਜਨਾਬੱਧ ਹਮਲਾ ਹੈ |
ਇਸ ਦਾ ਜਵਾਬ ਦਿੰਦਿਆਂ ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਨੇ ਮੁੱਖ ਮੁੱਦੇ ਤੋਂ ਧਿਆਨ ਭਟਕਾਉਣ ਲਈ ਰਾਸ਼ਟਰਵਾਦ ਦਾ ਸਹਾਰਾ ਲਿਆ ਹੈ | ਅਡਾਨੀ ਸਮੂਹ ਨੇ ਆਪਣੇ ਪ੍ਰਧਾਨ ਗੌਤਮ ਅਡਾਨੀ ਦੀ ਜਾਇਦਾਦ ਨੂੰ ਭਾਰਤ ਦੀ ਸਫਲਤਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ | ਉਸ ਨੇ ਅੱਗੇ ਕਿਹਾ ਹੈ ਕਿ ਭਾਰਤ ਦੇ ਭਵਿੱਖ ਨੂੰ ਅਡਾਨੀ ਸਮੂਹ ਵੱਲੋਂ ਅੱਗੇ ਵਧਣੋਂ ਰੋਕਿਆ ਜਾ ਰਿਹਾ ਹੈ, ਜਿਸ ਨੇ ਦੇਸ਼ ਨੂੰ ਲੁੱਟਦਿਆਂ ਹੋਇਆਂ ਆਪਣੇ ਆਪ ਨੂੰ ਤਿਰੰਗੇ ਵਿੱਚ ਲਪੇਟ ਲਿਆ ਹੈ |
ਹਿੰਡਨਬਰਗ ਨੇ ਅੱਗੇ ਕਿਹਾ ਕਿ ਅਡਾਨੀ ਸਮੂਹ ਦੇ 413 ਪੰਨਿਆਂ ਦੇ ਖੰਡਨ ਵਿੱਚ ਸਾਡੇ ਦੋਸ਼ਾਂ ਬਾਰੇ ਸਿਰਫ਼ 30 ਪੰਨੇ ਹਨ | ਅਸੀਂ ਅਡਾਨੀ ਸਮੂਹ ਨੂੰ 88 ਸਵਾਲ ਕੀਤੇ ਸਨ, ਜਿਨ੍ਹਾਂ ਵਿੱਚੋਂ 62 ਸਵਾਲਾਂ ਦਾ ਜਵਾਬ ਦੇਣ ਵਿੱਚ ਅਡਾਨੀ ਸਮੂਹ ਨਾਕਾਮ ਰਿਹਾ ਹੈ | ਜਿਹੜੇ ਜਵਾਬ ਦਿੱਤੇ ਗਏ ਹਨ, ਉਨ੍ਹਾਂ ਨੇ ਸਾਡੇ ਵੱਲੋਂ ਪੇਸ਼ ਕੀਤੇ ਤੱਥਾਂ ਦੀ ਹੀ ਪੁਸ਼ਟੀ ਕੀਤੀ ਹੈ | ਧੋਖਾਦੇਹੀ, ਧੋਖਾਦੇਹੀ ਹੀ ਹੁੰਦੀ ਹੈ ਭਾਵੇਂ ਇਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵੱਲੋਂ ਹੀ ਕਿਉਂ ਨਾ ਕੀਤੀ ਗਈ ਹੋਵੇ |
ਇਸ ਦੌਰਾਨ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਹਿੰਡਨਬਰਗ ਵੱਲੋਂ ਅਡਾਨੀ ਸਮੂਹ ਉੱਤੇ ਲਾਏ ਗਏ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ | ਉਨ੍ਹਾ ਕਿਹਾ ਕਿ ਉਨ੍ਹਾ ਦੀ ਪਾਰਟੀ ਮੰਗ ਕਰਦੀ ਹੈ ਕਿ ਸਾਰੇ ਸੰਬੰਧਤ ਮੰਤਰਾਲਿਆਂ ਨੂੰ ਸ਼ਾਮਲ ਕਰਕੇ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਜਾਵੇ | ਸੁਪਰੀਮ ਕੋਰਟ ਇਸ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੀ ਰੋਜ਼ਾਨਾ ਨਿਗਰਾਨੀ ਕਰੇ | ਦੇਸ਼ ਦੇ ਹਿੱਤ ਦੀ ਰੱਖਿਆ ਕਰਨੀ ਹੋਵੇਗੀ | ਇਸ ਤੋਂ ਪਹਿਲਾਂ ਕਾਂਗਰਸ ਨੇ ਅਡਾਨੀ ਸਮੂਹ ਉੱਤੇ ਲੱਗੇ ਦੋਸ਼ਾਂ ਦੀ ਆਰ ਬੀ ਆਈ ਤੇ ਸੇਬੀ ਵੱਲੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਸੀ | ਸਰਕਾਰ ਸੰਸਦ ਵਿੱਚ ਕੀ ਰੁਖ ਅਖਤਿਆਰ ਕਰਦੀ ਹੈ, ਇਸ ਦਾ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ |