ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 2023-24 ਨੂੰ ਕਿਸਾਨਾਂ, ਪੇਂਡੂ ਗਰੀਬਾਂ ਅਤੇ ਨੌਜਵਾਨਾਂ ਲਈ ਨਾਕਾਮ ਕਰਾਰ ਦਿੱਤਾ ਹੈ | ਉਨ੍ਹਾ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਾਰੀਆਂ ਫਸਲਾਂ ਦੀ ਖਰੀਦ ਲਈ ਕੁਝ ਨਹੀਂ ਕੀਤਾ ਗਿਆ | 2022 ਤੱਕ ਸਾਰਿਆਂ ਲਈ ਪੱਕੇ ਮਕਾਨਾਂ ਨੂੰ ਯਕੀਨੀ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੁਝ ਨਹੀਂ ਕੀਤਾ ਗਿਆ | ਮਹਿੰਗਾਈ ਨੂੰ ਕਾਬੂ ਕਰਨ ਅਤੇ ਤੇਲ ਅਤੇ ਐੱਲ ਪੀ ਜੀ ਦੀਆਂ ਕੀਮਤਾਂ ਘਟਾਉਣ ਲਈ ਕੁਝ ਨਹੀਂ ਕੀਤਾ ਗਿਆ | ਨੌਜਵਾਨ 16 ਕਰੋੜ ਨੌਕਰੀਆਂ ਦੀ ਉਡੀਕ ਕਰ ਰਹੇ ਹਨ | ਉਨ੍ਹਾ ਕਿਹਾ ਕਿ ਪੰਜਾਬ ਲਈ ਵੀ ਬਜਟ ‘ਚ ਕੁਝ ਨਹੀਂ |
ਕਾਂਗਰਸ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬੱਜਟ ‘ਤੇ ਵਾਹ-ਵਾਹ ਖੱਟੀ ਸੀ, ਪਰ ਅਸਲੀਅਤ ਸਾਹਮਣੇ ਆ ਗਈ, ਕਿਉਂਕਿ ਉਸ ਦੀ ਰਣਨੀਤੀ ਵਧੇਰੇ ਵਾਅਦੇ ਅਤੇ ਕੰਮ ਘੱਟ ਕਰਨ ਵਾਲੀ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ—ਪਿਛਲੇ ਸਾਲ ਦੇ ਬੱਜਟ ‘ਚ ਖੇਤੀਬਾੜੀ, ਸਿਹਤ, ਸਿੱਖਿਆ, ਮਨਰੇਗਾ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਨਾਲ ਸੰਬੰਧਤ ਅਲਾਟਮੈਂਟ ਲਈ ਪ੍ਰਸੰਸਾ ਕੀਤੀ ਗਈ ਸੀ | ਅੱਜ ਅਸਲੀਅਤ ਸਭ ਨੂੰ ਪਤਾ ਹੈ | ਅਸਲ ਖਰਚਾ ਬੱਜਟ ਨਾਲੋਂ ਬਹੁਤ ਘੱਟ ਹੈ |
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬੱਜਟ ਦੀ ਆਲੋਚਨਾ ਕੀਤੀ ਹੈ ਤੇ ਇਸ ਨੂੰ ਗਰੀਬ ਤੇ ਮੱਧ ਵਰਗ ਵਿਰੋਧੀ ਕਰਾਰ ਦਿੱਤਾ ਹੈ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਜਟ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਇਸ ਬੱਜਟ ‘ਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਹੈ | ਇਸ ਦੇ ਉਲਟ ਇਹ ਬੱਜਟ ਮਹਿੰਗਾਈ ਵਧਾਏਗਾ |
ਉਨ੍ਹਾ ਕਿਹਾ ਕਿ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ | ਸਿੱਖਿਆ ਬੱਜਟ 2.64 ਫੀਸਦੀ ਤੋਂ ਘਟਾ ਕੇ 2.5 ਫੀਸਦ ਕਰਨਾ ਮੰਦਭਾਗਾ ਹੈ | ਸਿਹਤ ਬਜਟ ਨੂੰ 2.2 ਫੀਸਦੀ ਤੋਂ ਘਟਾ ਕੇ 1.98 ਫੀਸਦੀ ਕਰਨਾ ਨੁਕਸਾਨਦੇਹ ਹੈ | ਉਨ੍ਹਾ ਕੇਂਦਰ ਸਰਕਾਰ ਉਪਰ ਦਿੱਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਕਿਹਾ—ਦਿੱਲੀ ਦੇ ਲੋਕਾਂ ਨਾਲ ਫਿਰ ਤੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ | ਦਿੱਲੀ ਦੇ ਲੋਕਾਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਵੱਧ ਇਨਕਮ ਟੈਕਸ ਅਦਾ ਕੀਤਾ ਹੈ | ਉਸ ਵਿੱਚੋਂ ਸਿਰਫ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ ਗਏ ਹਨ | ਇਹ ਦਿੱਲੀ ਦੇ ਲੋਕਾਂ ਨਾਲ ਘੋਰ ਬੇਇਨਸਾਫੀ ਹੈ |



