ਤਲਵੰਡੀ ਸਾਬੋ (ਜਗਦੀਪ ਗਿੱਲ)
ਤਹਿਸੀਲਦਾਰ ਦੇ ਦਫਤਰ ‘ਚ ਤਾਇਨਾਤ ਇੱਕ ਬਾਬੂ ਉੱਪਰ ਪਿੰਡ ਬਹਿਮਣ ਜੱਸਾ ਸਿੰਘ ਦੇ ਕਿਸਾਨ ਮਲਕੀਤ ਸਿੰਘ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਉਸ ਦੀ ਇੱਕ ਰਜਿਸਟਰੀ ਕਰਨ ਬਦਲੇ ਉਸ ਤੋਂ 1700 ਰੁਪਏ ਬਤੌਰ ਰਿਸ਼ਵਤ ਲੈ ਲਈ ਗਈ ਹੈ | ਕਿਸਾਨ ਮਲਕੀਤ ਸਿੰਘ ਦੇ ਦੱਸਣ ਅਨੁਸਾਰ ਰਜਿਸਟਰੀ ਕਰਨ ਤੋਂ ਉਸ ਨੂੰ ਆਨੇ-ਬਹਾਨੇ ਟਰਕਾਇਆ ਜਾ ਰਿਹਾ ਸੀ ਅਤੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ | ਕਿਸਾਨ ਨੇ ਸਤਾਰਾਂ ਸੌ ਰੁਪਿਆ ਬਾਬੂ ਨੂੰ ਦੇ ਕੇ ਰਜਿਸਟਰੀ ਕਰਵਾ ਲਈ ਪਰ ਪੈਸੇ ਦੇਣ ਤੋਂ ਪਹਿਲਾਂ ਉਸ ਨੇ ਉਕਤ ਨੋਟਾਂ ਦੀ ਇੱਕ ਫੋਟੋ ਸਟੇਟ ਕਾਪੀ ਆਪਣੇ ਕੋਲ ਵੀ ਰੱਖ ਲਈ , ਜਿਸ ਵਿੱਚ ਉਸ ਦੇ ਦੱਸਣ ਅਨੁਸਾਰ ਤਿੰਨ ਨੋਟ ਪੰਜ-ਪੰਜ ਸੌ ਰੁਪਏ ਦੇ ਅਤੇ ਦੋ ਨੋਟ ਸੌ ਸੌ ਰੁਪਏ ਦੇ ਸਨ | ਇਸ ਘਟਨਾ ਦੇ ਤੁਰੰਤ ਬਾਅਦ ਜਦੋਂ ਕਿਸਾਨ ਮਲਕੀਤ ਸਿੰਘ ਨੇ ਕੁਝ ਮੁਹਤਬਰਾਂ ਅਤੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਸੰਬੰਧਤ ਦਫਤਰ ਦੇ ਉਕਤ ਬਾਬੂ ਨੂੰ ਰੁਪਏ ਵਾਪਸ ਕਰਨ ਲਈ ਕਿਹਾ ਤਾਂ ਨਾ ਸਿਰਫ ਤਹਿਸੀਲ ਕੰਪਲੈਕਸ ਵਿੱਚ ਤਰਥੱਲੀ ਮੱਚ ਗਈ ਸਗੋਂ ਬਾਬੂ ਇਧਰ ਉਧਰ ਖਿਸਕਣ ਦੇ ਯਤਨ ਕਰਨ ਲੱਗਾ | ਆਖਰ ਉਥੇ ਮੌਜੂਦ ਮੁਹਤਬਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਬਾਬੂ ਵੱਲੋਂ ਰਿਸ਼ਵਤ ਦੇ ਰੂਪ ਵਿੱਚ ਲਿਆ 1700 ਰੁਪਿਆ ਤਾਂ ਲੋਕਾਂ ਦੀ ਹਾਜ਼ਰੀ ਵਿੱਚ ਵਾਪਸ ਕਰ ਦਿੱਤਾ ਗਿਆ ਪਰ ਕੀ ਹੁਣ ਉੱਥੇ ਅੱਗੋਂ ਪਿੱਛੋਂ ਅਜਿਹਾ ਨਹੀਂ ਵਾਪਰੇਗਾ ਇਹ ਸਵਾਲ ਸੁਚੇਤ ਲੋਕਾਂ ਵੱਲੋਂ ਹਾਲੇ ਵੀ ਪੁੱਛਿਆ ਜਾ ਰਿਹਾ ਹੈ | ਸੰਬੰਧਤ ਤਹਿਸੀਲਦਾਰ ਦੀ ਗੈਰ-ਮੌਜੂਦਗੀ ਦੇ ਚਲਦਿਆਂ ਇਸ ਘਟਨਾ ਦੇ ਸੰਬੰਧ ਵਿੱਚ ਪੱਖ ਜਾਣਨ ਲਈ ਜਦੋਂ ਐਸ ਡੀ ਐਮ ਤਲਵੰਡੀ ਸਾਬੋ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਰਿਸ਼ਵਤ ਵਿਰੁੱਧ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਜੇਕਰ ਹਾਲੇ ਵੀ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਜ਼ਰੂਰ ਐਕਸ਼ਨ ਲਿਆ ਜਾਵੇਗਾ |