ਨਵੀਂ ਦਿੱਲੀ : ਅਡਾਨੀ ਗਰੁੱਪ ਬਾਰੇ ਹਿੰਡਨਬਰਗ ਦੀ ਰਿਪੋਰਟ ‘ਤੇ ਸ਼ੁੱਕਰਵਾਰ ਸੰਸਦ ਤੋਂ ਬਾਜ਼ਾਰ ਤਕ ਹੰਗਾਮਾ ਮਚਿਆ ਰਿਹਾ | ਅਮਰੀਕੀ ਸਟਾਕ ਐਕਸਚੇਂਜ ਡਾਊ ਜੋਂਸ ਵੱਲੋਂ ਅਡਾਨੀ ਐਂਟਰਪ੍ਰਾਈਜ਼ਿਜ਼ ਨੂੰ ਸਸਟੇਨਬਿਲਿਟੀ ਇੰਡੈਕਸ ਤੋਂ ਬਾਹਰ ਕਰ ਦੇਣ ਦੇ ਬਾਅਦ ਕੰਪਨੀ ਦੇ ਸ਼ੇਅਰ 35 ਫੀਸਦੀ ਤਕ ਡਿੱਗ ਗਏ | ਹਾਲਾਂਕਿ ਬਾਅਦ ਵਿਚ ਰਿਕਵਰੀ ਹੋਈ ਤੇ 2.19 ਫੀਸਦੀ ਦੀ ਗਿਰਾਵਟ ਨਾਲ 1531 ਰੁਪਏ ‘ਤੇ ਬੰਦ ਹੋਏ | ਹਿੰਡਨਬਰਗ ਰਿਪੋਰਟ ਤੋਂ ਪਹਿਲਾਂ 24 ਜਨਵਰੀ ਨੂੰ ਸ਼ੇਅਰ ਦੀ ਕੀਮਤ 3400 ਰੁਪਏ ਦੇ ਕਰੀਬ ਸੀ |
ਸ਼ੇਅਰਾਂ ਵਿਚ ਗਿਰਾਵਟ ਤੋਂ ਬਾਅਦ ਗੌਤਮ ਅਡਾਨੀ ਦੀ ਨੈਟਵਰਥ 55 ਅਰਬ ਡਾਲਰ ਰਹਿ ਗਈ ਹੈ | ਪਿਛਲੇ ਸਾਲ ਇਹ 150 ਅਰਬ ਡਾਲਰ ਦੇ ਕਰੀਬ ਸੀ | ਅਡਾਨੀ 27 ਜਨਵਰੀ ਤੋਂ ਪਹਿਲਾਂ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ ਤੇ ਹੁਣ 22ਵੇਂ ਨੰਬਰ ‘ਤੇ ਆ ਗਿਆ ਹੈ |
ਸੰਸਦ ਦੇ ਦੋਹਾਂ ਸਦਨਾਂ ‘ਚ ਹੰਗਾਮੇ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ ਕਿ ਦੇਸ਼ ਦਾ ਸ਼ੇਅਰ ਬਾਜ਼ਾਰ ਨਿਯਮਾਂ ਮੁਤਾਬਕ ਚੱਲ ਰਿਹਾ ਹੈ | ਅਡਾਨੀ ਦੇ ਬਿਜ਼ਨਸ ਵਿਵਾਦ ਨਾਲ ਨਿਵੇਸ਼ਕਾਂ ਦਾ ਭਰੋਸਾ ਡਗਮਗਾਉਣ ਦਾ ਤੌਖਲਾ ਨਹੀਂ ਹੈ | ਸਿਰਫ ਇਕ ਘਟਨਾ, ਚਾਹੇ ਉਸਦੀ ਦੁਨੀਆ ਵਿਚ ਕਿੰਨੀ ਵੀ ਚਰਚਾ ਹੋਵੇ, ਸੰਕੇਤ ਨਹੀਂ ਦਿੰਦੀ ਕਿ ਭਾਰਤੀ ਵਿੱਤੀ ਬਾਜ਼ਾਰਾਂ ਦਾ ਪ੍ਰਬੰਧ ਠੀਕ ਤਰ੍ਹਾਂ ਨਹੀਂ ਹੋ ਰਿਹਾ | ਕੇਂਦਰੀ ਵਿੱਤ ਸਕੱਤਰ ਟੀ ਵੀ ਸੋਮਨਾਥਨ ਨੇ ਵੀ ਕਿਹਾ ਹੈ ਕਿ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਹੈ | ਉਨ੍ਹਾ ਦਾਅਵਾ ਕੀਤਾ ਕਿ ਭਾਰਤ ਦੀ ਜਨਤਕ ਵਿੱਤੀ ਪ੍ਰਣਾਲੀ ਮਜ਼ਬੂਤ ਹੈ |
ਅਡਾਨੀ ਗਰੱੁਪ ਨਾਲ ਜੁੜੇ ਮਾਮਲੇ ‘ਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕਰਨ ਕਾਰਨ ਲੋਕ ਸਭਾ ਵਿਚਲੀ ਕਾਰਵਾਈ ਸ਼ੁੱਕਰਵਾਰ ਸਾਰੇ ਦਿਨ ਲਈ ਉਠਾ ਦਿੱਤੀ ਗਈ | ਇਸ ਤੋਂ ਪਹਿਲਾਂ ਹੰਗਾਮੇ ਕਾਰਨ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਸੀ | ਵਿਰੋਧੀ ਧਿਰ ਦੇ ਮੈਂਬਰ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਕਾਇਮ ਕਰਨ ਅਤੇ ਇਸ ਮੁੱਦੇ ‘ਤੇ ਸੰਸਦ ‘ਚ ਚਰਚਾ ਦੀ ਮੰਗ ਕਰ ਰਹੇ ਸਨ | ਰਾਜ ਸਭਾ ‘ਚ ਵੀ ਹੰਗਾਮੇ ਕਾਰਨ ਦਿਨ-ਭਰ ਕੰਮ ਨਹੀਂ ਚੱਲਿਆ ਤੇ ਸਦਨ ਉਠਾ ਦਿੱਤਾ ਗਿਆ | ਹੁਣ ਦੋਵੇਂ ਸਦਨ ਸੋਮਵਾਰ ਜੁੜਨਗੇ | ਇਸੇ ਦੌਰਾਨ ਕਾਂਗਰਸ ਅਤੇ 15 ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਭਵਨ ‘ਚ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਚੈਂਬਰ ‘ਚ ਮੀਟਿੰਗ ਕੀਤੀ | ਮੀਟਿੰਗ ‘ਚ ਕਾਂਗਰਸ ਤੋਂ ਇਲਾਵਾ ਡੀ ਐੱਮ ਕੇ, ਆਮ ਆਦਮੀ ਪਾਰਟੀ, ਭਾਰਤ ਰਾਸ਼ਟਰ ਸਮਿਤੀ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਜਨਤਾ ਦਲ (ਯੂਨਾਈਟਿਡ) ਅਤੇ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹੋਏ | ਸੂਤਰਾਂ ਮੁਤਾਬਕ ਵਿਰੋਧੀ ਧਿਰਾਂ ਨੇ ਅਡਾਨੀ ਗਰੁੱਪ ਨਾਲ ਸੰਬੰਧਤ ਮਾਮਲੇ ‘ਤੇ ਚਰਚਾ ਤੇ ਦੋਸ਼ਾਂ ਦੀ ਜਾਂਚ ਦੀ ਮੰਗ ਸੰਸਦ ‘ਚ ਉਠਾਉਂਦੇ ਰਹਿਣ ‘ਤੇ ਜ਼ੋਰ ਦਿੱਤਾ |