ਸਿੱਖ ਫੌਜੀਆਂ ਲਈ ਲੋਹਟੋਪ ਕਤਈ ਮਨਜ਼ੂਰ ਨਹੀਂ : ਐੱਸ ਜੀ ਪੀ ਸੀ

0
263

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੀ ਤਜਵੀਜ਼ ਸੰਬੰਧੀ ਸਿੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਸੱਦੀ ਇਕੱਤਰਤਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਸਪੱਸ਼ਟ ਕਿਹਾ ਕਿ ਸਿੱਖ ਰਹਿਣੀ, ਮਰਿਆਦਾ ਅਤੇ ਪਛਾਣ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਲਈ ਕਿਸੇ ਵੀ ਸੂਰਤ ਵਿਚ ਸਿੱਖ ਫੌਜੀਆਂ ਦੇ ਸਿਰਾਂ ‘ਤੇ ਲੋਹਟੋਪ ਪ੍ਰਵਾਨ ਨਹੀਂ ਹੈ | ਸ਼ੁੱਕਰਵਾਰ ਕੌਮੀ ਘੱਟਗਿਣਤੀ ਕਮਿਸ਼ਨ ਦੇ ਦਫਤਰ ਵਿਚ ਹੋਈ ਇਕੱਤਰਤਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜੇ ਵਫਦ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਦਿੱਲੀ ਤੋਂ ਸਿੱਖ ਆਗੂ ਭਾਈ ਸੁਖਵਿੰਦਰ ਸਿੰਘ ਬੱਬਰ, ਬੀਬੀ ਰਣਜੀਤ ਕੌਰ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕੋਲ ਲੋਹਟੋਪ ਪਹਿਨਾਉਣ ਦੀ ਸਰਕਾਰ ਦੀ ਤਜਵੀਜ਼ ‘ਤੇ ਸਖਤ ਇਤਰਾਜ਼ ਜਤਾਉਂਦਿਆਂ ਇਕ ਨੁਕਾਤੀ ਵਿਚਾਰ ਰੱਖਿਆ ਕਿ ਲੋਹਟੋਪ ਦੇ ਮਾਮਲੇ ‘ਤੇ ਕੋਈ ਵੀ ਤਰਕ ਜਾਂ ਵਿਚਾਰ-ਵਟਾਂਦਰਾ ਨਹੀਂ ਹੋ ਸਕਦਾ |
ਸ਼੍ਰੋਮਣੀ ਕਮੇਟੀ ਵਫਦ ਨੇ ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦੇ ਮਾਮਲੇ ‘ਤੇ ਸਹਿਮਤੀ ਬਣਾਉਣ ਦੀ ਨੀਅਤ ਨਾਲ ਕੁਝ ਸਾਬਕਾ ਸਿੱਖ ਅਧਿਕਾਰੀਆਂ ਅਤੇ ਧਾਰਮਕ ਸ਼ਖ਼ਸੀਅਤਾਂ ਦੇ ਨਾਲ ਵਿਚਾਰ-ਵਟਾਂਦਰੇ ਦੀ ਪੇਸ਼ਕਸ਼ ਨੂੰ ਮੂਲੋਂ ਅਪ੍ਰਵਾਨ ਕਰਦਿਆਂ ਆਪਣਾ ਲਿਖਤੀ ਪੱਖ ਦੇ ਕੇ ਕਿਹਾ ਕਿ ਸਿੱਖ ਧਰਮ ਵਿਚ ਜਦ ਟੋਪੀ ਪਾਉਣਾ ਵਰਜਿਤ ਹੈ ਤਾਂ ਫਿਰ ਲੋਹਟੋਪ ਪਾਉਣ ਦੇ ਮਾਮਲੇ ਵਿਚ ਕੋਈ ਵੀ ਚਰਚਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਸਨੇ ਇਤਿਹਾਸ ਵਿਚੋਂ ਮਿਸਾਲਾਂ ਦਿੰਦਿਆਂ ਕਿਹਾ ਕਿ ਵਿਸ਼ਵ ਜੰਗਾਂ, ਭਾਰਤ ਦੀ ਆਜ਼ਾਦੀ ਮਗਰੋਂ ਦੇਸ਼ ਲਈ ਲੜੀਆਂ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਕਦੇ ਵੀ ਲੋਹਟੋਪ ਨਹੀਂ ਪਹਿਨਿਆ | ਗੁਰੂ ਸਾਹਿਬਾਨ ਦੁਆਰਾ ਬਖਸ਼ੀ ਦਸਤਾਰ ਦੇ ਨਾਲ ਸਿੱਖ ਫ਼ੌਜੀਆਂ ਨੇ ਹਮੇਸ਼ਾ ਦੁਸ਼ਮਣ ਦਾ ਮੁਕਾਬਲਾ ਕੀਤਾ | ਸ਼੍ਰੋਮਣੀ ਕਮੇਟੀ ਦੇ ਵਫਦ ਨੇ ਲਿਖਤੀ ਪੱਖ ਕੌਮੀ ਘੱਟਗਿਣਤੀ ਕਮਿਸ਼ਨ ਨੂੰ ਸੌਂਪਦਿਆਂ ਸਿੱਖ ਇਤਿਹਾਸ, ਪਰੰਪਰਾ ਅਤੇ ਸਿੱਖ ਰਹਿਤ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ |

LEAVE A REPLY

Please enter your comment!
Please enter your name here